ਸ੍ਰੀਨਗਰ, 15 ਸਤੰਬਰ
ਲੋਕ ਸਭਾ ਮੈਂਬਰ ਸ਼ੇਖ ਅਬਦੁੱਲ ਰਾਸ਼ਿਦ ਉਰਫ਼ ਇੰਜਨੀਅਰ ਰਾਸ਼ਿਦ ਦੀ ਅਗਵਾਈ ਵਾਲੀ ਅਵਾਮੀ ਇਤੇਹਾਦ ਪਾਰਟੀ (ਏਆਈਪੀ) ਅਤੇ ਜਮਾਤ-ਏ-ਇਸਲਾਮੀ (ਜੇਈਆਈ) ਦੇ ਸਾਬਕਾ ਮੈਂਬਰਾਂ ਨੇ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਲਈ ਰਣਨੀਤਕ ਗੱਠਜੋੜ ਕੀਤਾ ਹੈ।
ਏਆਈਪੀ ਨੇ ਇੱਕ ਬਿਆਨ ’ਚ ਕਿਹਾ, ‘‘ਅੱਜ ਹੋਈ ਸਾਂਝੀ ਮੀਟਿੰਗ ’ਚ ਏਆਈਪੀ ਦੇ ਵਫ਼ਦ ਦੀ ਅਗਵਾਈ ਪਾਰਟੀ ਮੁਖੀ ਤੇ ਮੁੱਖ ਤਰਜਮਾਨ ਇਨਾਮ ਉਨ ਨਬੀ ਨੇ ਜਦਕਿ ਜੇਈਆਈ ਵਫ਼ਦ ਦੀ ਅਗਵਾਈ ਗੁਲਾਮ ਕਾਦਿਰ ਵਾਨੀ ਨੇ ਕੀਤੀ। ਜੇਈਆਈ ਦੇ ਅਹਿਮ ਆਗੂ ਵੀ ਚਰਚਾ ’ਚ ਸ਼ਾਮਲ ਹੋਏ।’’
ਕੇਂਦਰੀ ਗ੍ਰਹਿ ਮੰਤਰਾਲੇ ਨੇ 2019 ’ਚ ਜਮਾਤ-ਏ-ਇਸਲਾਮੀ (ਜੰਮੂ ਕਸ਼ਮੀਰ) ’ਤੇ ਪਾਬੰਦੀ ਲਾ ਦਿੱਤੀ ਸੀ। ਫਰਵਰੀ ਮਹੀਨੇ ਇਹ ਪਾਬੰਦੀ ਪੰਜ ਸਾਲ ਲਈ ਹੋਰ ਵਧਾ ਦਿੱਤੀ ਗਈ ਸੀ। ਜਮਾਤ ਦੇ ਕਈ ਪ੍ਰਭਾਵਸ਼ਾਲੀ ਆਗੂ ਅਸੈਂਬਲੀ ਚੋਣਾਂ ਆਜ਼ਾਦ ਉਮੀਦਵਾਰ ਵਜੋਂ ਲੜ ਰਹੇ ਹਨ। ਏਆਈਪੀ ਦੇ ਤਰਜਮਾਨ ਨੇ ਕਿਹਾ ਕਿ ਦੋਵੇ ਧਿਰਾਂ ਇਸ ਖੇਤਰ ਦੇ ਲੋਕਾਂ ਲਈ ਹਿੱਤਾਂ ਲਈ ਰਲ ਕੇ ਕੰਮ ਕਰਨ ਵਾਸਤੇ ਸਹਿਮਤ ਹੋਈਆਂ ਹਨ। ਸਮਝੌਤੇ ਤਹਿਤ ਏਆਈਪੀ ਕੁਲਗਾਮ ਤੇ ਪੁਲਵਾਮਾ ’ਚ ਜੇਈਆਈ ਉਮੀਦਵਾਰਾਂ ਦੀ ਹਮਾਇਤ ਕਰੇਗੀ ਜਦਕਿ ਜੇਈਆਈ ਕਸ਼ਮੀਰ ’ਚ ਏਆਈਪੀ ਉਮੀਦਵਾਰਾਂ ਦਾ ਸਮਰਥਨ ਕਰੇਗੀ। ਉਨ੍ਹਾਂ ਆਖਿਆ ਕਿ ਗੱਠਜੋੜ ਦਾ ਟੀਚਾ ਏਆਈਪੀ ਤੇ ਜੇਈਆਈ ਉਮੀਦਵਾਰਾਂ ਨੂੰ ਜਿਤਾਉਣਾ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਜੰਮੂ-ਕਸ਼ਮੀਰ ਦੇ ਲੋਕਾਂ ਕੋਲ ਮਜ਼ਬੂਤ ਨੁਮਾਇੰਦਗੀ ਹੋਵੇ ਜੋ ਉਨ੍ਹਾਂ ਦੀਆਂ ਭਾਵਨਾਵਾਂ ਤੇ ਇੱਛਾਵਾ ਨੂੰ ਪੇਸ਼ ਕਰ ਸਕੇ। -ਪੀਟੀਆਈ