ਹਤਿੰਦਰ ਮਹਿਤਾ
ਜਲੰਧਰ, 15 ਸਤੰਬਰ
ਇੱਥੋਂ ਦੇ ਕਾਊਂਟਰ ਇੰਟੈਲੀਜੈਂਸ ਨੇ ਭਗੌੜੇ ਅੰਮ੍ਰਿਤਪਾਲ ਸਿੰਘ ਉਰਫ ਫੌਜੀ ਨੂੰ 12.5 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਸੂਬੇ ਦੇ ਡੀਜੀਪੀ ਗੌਰਵ ਯਾਦਵ ਨੇ ਐਤਵਾਰ ਨੂੰ ਇੱਥੇ ਦੱਸਿਆ ਕਿ ਤਰਨ ਤਾਰਨ ਦੇ ਪਿੰਡ ਕਸੇਲ ਦਾ ਰਹਿਣ ਵਾਲਾ ਮੁਲਜ਼ਮ ਅੰਮ੍ਰਿਤਪਾਲ ਸਿੰਘ ਫੌਜੀ ਅਗਸਤ 2024 ਤੋਂ ਭਗੌੜਾ ਸੀ, ਜਦੋਂ ਕਿ ਉਸ ਦੇ ਸਾਥੀ ਸਰਤਾਜ ਨੂੰ ਜੰਮੂ ਬੱਸ ਸਟੈਂਡ ਤੋਂ 33 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਡੀਜੀਪੀ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਨ੍ਹਾਂ ਮੁਲਜ਼ਮਾਂ ਦੇ ਕੌਮਾਂਤਰੀ ਸਬੰਧ ਹਨ ਕਿਉਂਕਿ ਇਸ ਦੀ ਅਗਵਾਈ ਭਗੌੜਾ ਅੰਮ੍ਰਿਤਪਾਲ ਸਿੰਘ ਬਾਠ ਕਰ ਰਿਹਾ ਹੈ, ਜੋ ਤਰਨ ਤਾਰਨ ਦੇ ਪਿੰਡ ਮੀਆਂਪੁਰ ਦਾ ਰਹਿਣ ਵਾਲਾ ਹੈ ਅਤੇ ਇਸ ਸਮੇਂ ਦੁਬਈ ’ਚ ਹੈ। ਉਨ੍ਹਾਂ ਦੱਸਿਆ ਕਿ ਖੁਫੀਆ ਸੂਚਨਾਵਾਂ ’ਤੇ ਕਾਰਵਾਈ ਕਰਦਿਆਂ ਕਾਊਂਟਰ ਇੰਟੈਲੀਜੈਂਸ ਦੀਆਂ ਟੀਮਾਂ ਨੇ ਜਲੰਧਰ ਦੇ ਪਿੰਡ ਕੰਗਣੀਵਾਲ ਦੇ ਨਹਿਰੀ ਪੁਲ ’ਤੇ ਵਿਸ਼ੇਸ਼ ਨਾਕਾ ਲਗਾਇਆ ਅਤੇ ਅੰਮ੍ਰਿਤਪਾਲ ਫੌਜੀ ਨੂੰ 200 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਗ੍ਰਿਫਤਾਰ ਕਰ ਲਿਆ। ਇਸ ਮਗਰੋਂ ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਤਰਨ ਤਾਰਨ ਤੋਂ ਪਿੰਡ ਜੋਧਪੁਰ ਨੂੰ ਜਾਂਦੀ ਲਿੰਕ ਸੜਕ ’ਤੇ ਛੁਪਾਈ 12.40 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਏਆਈਜੀ ਸੀਆਈ ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਮੁਲਜ਼ਮ ਤੋਂ ਖੁਲਾਸਾ ਹੋਇਆ ਹੈ ਕਿ ਉਸ ਨੇ ਅਤੇ ਉਸ ਦੇ ਸਾਥੀ ਨੇ ਪਿਛਲੇ ਮਹੀਨੇ ਅਖਨੂਰ ਸੈਕਟਰ ਤੋਂ 50 ਕਿਲੋ ਹੈਰੋਇਨ ਦੀ ਖੇਪ ਮੰਗਵਾਈ ਸੀ, ਜਿਸ ਵਿੱਚੋਂ 33 ਕਿਲੋ ਹੈਰੋਇਨ ਦੀ ਖੇਪ ਉਸ ਦੇ ਸਾਥੀ ਸਰਤਾਜ ਕੋਲ ਸੀ ਜਿਸ ਨੂੰ ਜੰਮੂ-ਕਸ਼ਮੀਰ ਪੁਲੀਸ ਨੇ ਪਿਛਲੇ ਦਿਨੀਂ ਗ੍ਰਿਫਤਾਰ ਕੀਤਾ ਸੀ।