ਸਰਬਜੀਤ ਸਿੰਘ ਭੰਗੂ
ਪਟਿਆਲਾ, 15 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਕਿ ਪਾਰਟੀ ਨੂੰ ਖਤਮ ਕਰਨ ਲਈ ਵੱਡੇ ਪੱਧਰ ’ਤੇ ਸਾਜ਼ਿਸ਼ਾਂ ਰਚੀਆਂ ਜਾ ਰਹੀਆਂ ਹਨ ਪਰ ਵਿਰੋਧੀਆਂ ਦੇ ਮਨਸੂਬੇ ਕਦੇ ਵੀ ਸਫ਼ਲ ਨਹੀਂ ਹੋਣਗੇ। ਉਨ੍ਹਾਂ ਅੱਜ ਇੱਥੋਂ ਦੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ ਵਿਖੇ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਮਨਾਈ ਜਾਣ ਵਾਲ਼ੀ ਜਨਮ ਸ਼ਤਾਬਦੀ ਸਬੰਧੀ ਤਿਆਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਸਰਕਾਰ ਸਮੇਂ ਵਾਪਰੀਆਂ ਬੇਅਦਬੀਆਂ ਦੀਆਂ ਘਟਨਾਵਾਂ ਮੰਦਭਾਗੀਆਂ ਸਨ ਪਰ ਇਨ੍ਹਾਂ ਦਾ ਸਿਆਸੀਕਰਨ ਕਰ ਕੇ ਸਾਜ਼ਿਸ਼ ਤਹਿਤ ਅਕਾਲੀ ਦਲ ਦੀ ਬਦਨਾਮੀ ਕੀਤੀ ਗਈ ਹੈ ਪਰ ਉਸ ਤੋਂ ਬਾਅਦ ਦੀਆਂ ਘਟਨਾਵਾਂ ਬਾਰੇ ਅਖੌਤੀ ਪੰਥਕ ਆਗੂਆਂ ਨੇ ਚੁੱਪ ਧਾਰ ਲਈ ਹੈ। ਹੁਣ ਸੁਧਾਰ ਲਹਿਰ ਦੇ ਨਾਮ ਹੇਠਾਂ ਵੀ ਇਹ ਅਖੌਤੀ ਆਗੂ ਅਕਾਲੀ ਦਲ ਦੀ ਬਦਨਾਮੀ ਕਰਨ ’ਤੇ ਤੁਲੇ ਹੋਏ ਹਨ।
ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ ਨੇ ਪ੍ਰੋਗਰਾਮ ਬਾਰੇ ਜਾਣੂ ਕਰਵਾਇਆ। ਲੋਕ ਸਭਾ ਹਲਕਾ ਪਟਿਆਲਾ ਦੇ ਇੰਚਾਰਜ ਐੱਨਕੇ ਸ਼ਰਮਾ ਨੇ ਕਿਹਾ ਕਿ ਇਸ ਸਮਾਗਮ ਜ਼ਰੀਏ ਪੰਥ ਦੇ ਅਮੀਰ ਇਤਿਹਾਸਕ ਵਿਰਸੇ ਤੇ ਪੰਥਕ ਸ਼ਖਸੀਅਤਾਂ ਵੱਲੋਂ ਪੰਥ ਲਈ ਪਾਏ ਯੋਗਦਾਨ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਹੈ। ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂਖੰਨਾ, ਯੂਥ ਅਕਾਲੀ ਦਲ ਦੇ ਕੌਮੀ ਪ੍ਰਧਾਨ ਸਰਬਜੀਤ ਝਿੰਜਰ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਗੁਰਚਰਨ ਗਰੇਵਾਲ, ਸੁਰਜੀਤ ਗੜ੍ਹੀ ਤੇ ਜਸਮੇਰ ਲਾਛੜੂ (ਤਿੰਨੋਂ ਸ਼੍ਰੋਮਣੀ ਕਮੇਟੀ ਮੈਂਬਰ), ਅਮਰਿੰਦਰ ਬਜਾਜ, ਦਰਬਾਰਾ ਸਿੰਘ ਗੁਰੂ, ਕਬੀਰਦਾਸ, ਮੱਖਣ ਲਾਲਕਾ, ਵਿੰਨਰਜੀਤ ਗੋਲਡੀ, ਲਖਬੀਰ ਸਿੰਘ, ਅੰਮ੍ਰਿਤਪਾਲ ਲੰਗ ਤੇ ਅਮਿਤ ਰਾਠੀ ਆਦਿ ਨੇ ਵੀ ਵਿਚਾਰ ਪੇਸ਼ ਕੀਤੇ। ਇਸ ਮੌਕੇ ਕ੍ਰਿਸ਼ਨ ਸਨੌਰ, ਹਰਮਿੰਦਰ ਜੋਗੀਪੁਰ, ਸੁਖਵਿੰਦਰਪਾਲ ਮਿੰਟਾ, ਅਮਰਜੀਤ ਪੰਜਰਥ, ਮਨਮਿੰਦਰ ਬਿੱਲਾ, ਮਨਪ੍ਰੀਤ ਚੱਢਾ, ਗੁਰਵਿੰਦਰ ਧੀਮਾਨ, ਜਗਰੂਪ ਚੀਮਾ, ਮਨਜੀਤ ਚਹਿਲ, ਜਸਪਾਲ ਕੌਰ ਬਾਰਨ, ਹਰਫੂਲ ਭੰਗੂ, ਮੋਹਣੀ ਭਾਂਖਰ ਤੇ ਗੋਪਾਲ ਸਿੰਗਲਾ ਸਮਾਣਾ ਆਦਿ ਵੀ ਮੌਜੂਦ ਸਨ।