ਲੁਧਿਆਣਾ: ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਵੱਲੋਂ ਵਿਦਿਆਰਥੀਆਂ ਦੇ ਹੁਨਰ ਨੂੰ ਇਕ ਮੰਚ ਦੇਣ ਦੇ ਮਨਸ਼ੇ ਤਹਿਤ ‘ਟੇਲੈਂਟ ਹੰਟ’ ਪ੍ਰੋਗਰਾਮ ਕਰਵਾਇਆ ਗਿਆ। ਪ੍ਰੋਗਰਾਮ ਦਾ ਆਰੰਭ ਸ਼ਬਦ ਗਾਇਨ ਨਾਲ ਹੋਇਆ। ਕਾਲਜ ਕੌਂਸਲ ਦੇ ਪ੍ਰਧਾਨ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਸਾਬਕਾ ਉਪ ਕੁਲਪਤੀ ਡਾ. ਐਸਪੀ ਸਿੰਘ ਨੇ ਵਿਦਿਆਰਥੀਆਂ ਨੂੰ ਕਾਲਜ ਦੇ 107 ਸਾਲਾਂ ਮਾਣਮੱਤੇ ਇਤਿਹਾਸ ਤੋਂ ਜਾਣੂ ਕਰਵਾਇਆ। ਇਸ ਉਪਰੰਤ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਗਿੱਧਾ, ਭੰਗੜਾ, ਲੋਕ ਗੀਤ, ਸ਼ਬਦ, ਭਜਨ, ਵਾਰ, ਕਵੀਸ਼ਰੀ, ਭਾਰਤੀ ਤੇ ਪੱਛਮੀ ਸੰਗੀਤ, ਡਾਂਸ ਆਦਿ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ। ਸਾਹਿਤਕ ਪ੍ਰੋਗਰਾਮ ਵਿਚ, ਕਹਾਣੀ, ਕਵਿਤਾ, ਲੇਖ ਉਚਾਰਨ ਮੁਕਾਬਲੇ ਹੋਏ, ਮਹਿੰਦੀ, ਰੰਗੋਲੀ, ਕਾਰਟੂਨ, ਪੋਸਟਰ ਮੇਕਿੰਗ ਮੁਕਾਬਲੇ ਕਰਵਾਏ ਗਏ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਤੇ ਡੀਨ ਪ੍ਰੋ. ਸ਼ਰਨਜੀਤ ਕੌਰ ਨੇ ਵਿਦਿਆਥੀਆਂ ਨੂੰ ਵਧਾਈ ਦਿੱਤੀ। -ਖੇਤਰੀ ਪ੍ਰਤੀਨਿਧ