ਪੱਤਰ ਪ੍ਰੇਰਕ
ਨਵੀਂ ਦਿੱਲੀ, 15 ਸਤੰਬਰ
ਦਿੱਲੀ ਦੇ ਮੁੱਖ ਮੰਤਰੀ ਵੱਜੋਂ ਅਰਵਿੰਦ ਕੇਜਰੀਵਾਲ (ਆਪ ਦੇ ਕੌਮੀ ਕਨਵੀਨਰ) ਦੇ ਅਸਤੀਫ਼ੇ ਦੇ ਐਲਾਨ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਲਈ ਦੋ ਨਾਵਾਂ ਉਪਰ ਚਰਚਾ ਚੱਲ ਰਹੀ ਹੈ। ਉਨ੍ਹਾਂ ਵਿੱਚੋਂ ਇੱਕ ਦਿੱਲੀ ਦੀ ਸਿੱਖਿਆ ਮੰਤਰੀ ਆਤਿਸ਼ੀ ਦਾ ਨਾਂ ਲਿਆ ਜਾ ਰਿਹਾ ਹੈ ਅਤੇ ਦੂਜਾ ਨਾਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਦਾ ਲਿਆ ਜਾ ਰਿਹਾ ਹੈ। ਸ੍ਰੀਮਤੀ ਸੁਨੀਤਾ ਉਦੋਂ ਇਕ ਦਮ ਸਰਗਰਮ ਹੋਈ ਜਦੋਂ ਸ੍ਰੀ ਕੇਜਰੀਵਾਲ ਜੇਲ੍ਹ ਗਏ ਅਤੇ ਪਿੱਛੋਂ ਕਈ ਸਮਾਗਮਾਂ ਵਿੱਚ ਸੁਨੀਤਾ ਕੇਜਰੀਵਾਲ ਨੇ ਸ਼ਿਰਕਤ ਕੀਤੀ ਸੀ। ਉਨ੍ਹਾਂ ਕੇਜਰੀਵਾਲ ਦੇ ਜੇਲ੍ਹ ਵਿੱਚੋਂ ਸੰਦੇਸ਼ ਬਾਹਰ ਆ ਕੇ ਵਰਕਰਾਂ ਨੂੰ ਦਿੱਤੇ ਸਨ। ਕੌਮੀ ਕਨਵੀਨਰ ਵੱਲੋਂ ਕੋਸ਼ਿਸ਼ ਕੀਤੀ ਜਾ ਸਕਦੀ ਹੈ ਕਿ ਆਪਣੇ ਵਫ਼ਾਦਾਰ ਸਾਥੀ ਨੂੰ ਹੀ ਦਿੱਲੀ ਦੇ ਮੁੱਖ ਮੰਤਰੀ ਦੀ ਵਾਗਡੋਰ ਸੌਂਪਣ। ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕੋਈ ਹੋਰ ਨਾਂ ਵੀ ਸਾਹਮਣੇ ਆ ਸਕਦਾ ਹੈ ਜੋ ਬਹੁਤਾ ਨਾਮੀ ਵਿਅਕਤੀ ਨਾ ਹੋਵੇ।