ਖੇਤਰੀ ਪ੍ਰਤੀਨਿਧ
ਲੁਧਿਆਣਾ, 15 ਸਤੰਬਰ
ਬੁੱਢੇ ਦਰਿਆ ਨੂੰ ਬੁੱਢਾ ਨਾਲਾ ਬਣਾਉਣ ਤੋਂ ਬਾਅਦ ਹੁਣ ਲੋਕਾਂ ਨੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਸ਼ਹਿਰ ਵਿੱਚ ਵੱਖ-ਵੱਖ ਥਾਂ ਬਣੇ ਨਾਲਿਆਂ ਨੂੰ ਹੀ ਕੂੜੇ ਦਾ ਡੰਪ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਵਿੱਚ ਕਈ ਥਾਵਾਂ ਅਜਿਹੀਆਂ ਦੇਖੀਆਂ ਜਾ ਸਕਦੀਆਂ ਹਨ ਜਿੱਥੇ ਲੋਕਾਂ ਨੇ ਕੂੜਾ ਸੁੱਟ ਕੇ ਨਾਲਿਆਂ ਦੇ ਪਾਣੀ ਦੀ ਨਿਕਾਸੀ ਨੂੰ ਪ੍ਰਭਾਵਿਤ ਕੀਤਾ ਹੈ।
ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਵੱਖ-ਵੱਖ ਥਾਵਾਂ ’ਤੇ ਨਾਲੇ ਬਣਾਏ ਹੋਏ ਹਨ। ਇੰਨਾਂ ਵਿੱਚੋਂ ਕਈ ਨਾਲੇ ਤਾਂ ਪਹਿਲਾਂ ਹੀ ਉਪਰੋਂ ਛੱਤ ਕੇ ਉਨ੍ਹਾਂ ਦੇ ਉਪਰ ਅਤੇ ਆਲੇ-ਦੁਆਲੇ ਇਮਾਰਤਾਂ ਬਣਾ ਦਿੱਤੀਆਂ ਗਈਆਂ ਹਨ। ਪਰ ਅਜੇ ਵੀ ਇੱਥੋਂ ਦੇ ਸ਼ਿੰਗਾਰ ਸਿਨੇਮਾ ਰੋਡ, ਘੰਟਾ ਘਰ ਦੇ ਨੇੜੇ, ਦਮੋਰੀਆ ਪੁਲ ਦੇ ਨੇੜੇ ਅਜਿਹੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਲਈ ਨਾਲੇ ਬਣੇ ਦੇਖੇ ਜਾ ਸਕਦੇ ਹਨ।
ਇੰਨਾਂ ਵਿੱਚੋਂ ਬਹੁਤੇ ਨਾਲਿਆਂ ਨੂੰ ਅੱਜ-ਕੱਲ੍ਹ ਲੋਕਾਂ ਨੇ ਕੂੜੇ ਦੇ ਡੰਪ ਬਣਾ ਦਿੱਤਾ ਹੈ। ਭਾਵੇਂ ਸਮਾਰਟ ਸ਼ਹਿਰ ਲੁਧਿਆਣਾ ਵਿੱਚ ਕੂੜਾ ਪ੍ਰਬੰਧਨ ਲਈ ਕੰਪੈਕਟਰ ਲੱਗੇ ਹੋਏ ਹਨ ਪਰ ਬਹੁਤੇ ਲੋਕ ਆਪਣੇ ਘਰਾਂ ਦਾ ਕੂੜਾ ਰਾਤ ਸਮੇਂ ਜਾਂ ਤੜਕੇ ਅਜਿਹੇ ਨਾਲਿਆਂ ਵਿੱਚ ਸੁੱਟਣ ਲੱਗ ਗਏ ਹਨ। ਅਜਿਹਾ ਹੋਣ ਨਾਲ ਜਿੱਥੇ ਮੁਹੱਲਿਆਂ ਵਿੱਚੋਂ ਗੰਦੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਹੋਣੀ ਸ਼ੁਰੂ ਹੋ ਗਈ ਹੈ ਉਥੇ ਆਉਂਦੇ ਸਮੇਂ ਵਿੱਚ ਇੰਨਾਂ ਨਾਲਿਆਂ ਦੇ ਵੀ ਖਤਮ ਹੋਣ ਦੇ ਆਸਾਰ ਬਣ ਗਏ ਹਨ। ਦੂਜੇ ਪਾਸੇ ਮੌਨਸੂਨ ਸੀਜ਼ਨ ਵਿੱਚ ਮੀਂਹ ਦੇ ਪਾਣੀ ਦੀ ਨਿਕਾਸੀ ਵੀ ਇੰਨਾਂ ਨਾਲਿਆਂ ਰਾਹੀਂ ਹੀ ਹੁੰਦੀ ਹੈ। ਪਰ ਅਜਿਹੇ ਨਾਲੇ ਕੂੜੇ ਦੇ ਡੰਪ ਬਣ ਜਾਣ ਕਰਕੇ ਥੋੜ੍ਹੇ ਜਿਹੇ ਮੀਂਹ ਤੋਂ ਬਾਅਦ ਹੀ ਘੰਟਾ, ਦਮੋਰੀਆ ਪੁਲ ਆਦਿ ਥਾਵਾਂ ’ਤੇ ਪਾਣੀ ਖੜ੍ਹਾ ਹੋ ਜਾਂਦਾ ਹੈ ਜੋ ਕਈ-ਕਈ ਘੰਟੇ ਨਿਕਲਦਾ ਨਹੀਂ।