ਰਾਮ ਕੁਮਾਰ ਮਿੱਤਲ
ਗੂਹਲਾ ਚੀਕਾ, 15 ਸਤੰਬਰ
ਗੂਹਲਾ ਪ੍ਰਸ਼ਾਸਨ ਨੇ ਕੈਥਲ ਪਟਿਆਲਾ ਸਟੇਟ ਹਾਈਵੇਅ ਨੂੰ 20 ਘੰਟਿਆਂ ਤੱਕ ਬੰਦ ਰੱਖਿਆ। ਇਸ ਕਾਰਨ ਪੰਜਾਬ ਵੱਲੋਂ ਆਉਣ ਵਾਲੇ ਕਿਸਾਨ ਜੀਂਦ ਜ਼ਿਲ੍ਹੇ ਦੇ ਉਚਾਨਾ ਵਿੱਚ ਕਿਸਾਨ ਮਹਾਪੰਚਾਇਤ ਵਿੱਚ ਨਾ ਪਹੁੰਚ ਸਕੇ। ਪ੍ਰਸ਼ਾਸਨ ਨੇ ਸ਼ਨਿਚਰਵਾਰ ਸ਼ਾਮ ਲਗਪਗ ਛੇ ਵਜੇ ਪਿੰਡ ਟਟਿਆਣਾ ਸਥਿਤ ਘੱਗਰ ਦਰਿਆ ਦੇ ਪੁਲ ’ਤੇ ਵੱਡੇ-ਵੱਡੇ ਪੱਥਰ ਲਾ ਕੇ ਪੁਲ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ। ਪੁਲ ਬੰਦ ਹੋਣ ਕਾਰਨ ਆਵਾਜਾਈ ਪੂਰੀ ਤਰ੍ਹਾਂ ਤੋਂ ਠੱਪ ਹੋ ਗਈ। ਇਸ ਕਾਰਨ ਰਾਹਗੀਰ ਪ੍ਰੇਸ਼ਾਨ ਰਹੇ। ਇਸ ਕਾਰਨ ਰਾਹਗੀਰਾਂ ਨੂੰ ਬਦਲਵੇਂ ਰਾਹਾਂ ਤੋਂ ਆਪਣੀ ਮੰਜ਼ਿਲ ਵੱਲ ਜਾਣਾ ਪਿਆ। ਇਸ ਕਾਰਨ ਕਿਸਾਨ ਯੂਨੀਅਨ ਦੇ ਨੇਤਾਵਾਂ ਦੇ ਨਾਲ-ਨਾਲ ਸਥਾਨਕ ਲੋਕਾਂ ਵਿੱਚ ਵੀ ਨਰਾਜ਼ਗੀ ਵੇਖੀ ਗਈ। ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਆਈਟੀ ਸੈੱਲ ਮੁਖੀ ਜਰਨੈਲ ਸਿੰਘ ਜੈਲੀ, ਜ਼ਿਲ੍ਹਾ ਉਪ ਪ੍ਰਧਾਨ ਕੇਵਲ ਸਦਰਹੇੜੀ , ਕਿੰਦਰ ਠੇਕੇਦਾਰ , ਭਾਕਿਊ ਸ਼ਹੀਦ ਭਗਤ ਸਿੰਘ ਦੇ ਜ਼ਿਲ੍ਹਾ ਮੁਖੀ ਐਡਵੋਕੇਟ ਦਲਬੀਰ ਨੈਣ ਨੇ ਕਿਹਾ ਕਿ ਅੱਜ ਜ਼ਿਲ੍ਹਾ ਜੀਂਦ ਦੇ ਹਲਕਾ ਉਚਾਨਾ ਵਿੱਚ ਕਿਸਾਨਾਂ ਦੀ ਮਹਾਪੰਚਾਇਤ ਬੁਲਾਈ ਗਈ ਸੀ ਪਰ ਰਾਜ ਦੀ ਭਾਜਪਾ ਸਰਕਾਰ ਇਸ ਮਹਾਪੰਚਾਇਤ ਤੋਂ ਇੰਨਾ ਡਰੀ ਹੋਈ ਸੀ ਕਿ ਉਸ ਨੇ ਪੰਜਾਬ ਵੱਲੋਂ ਹਰਿਆਣਾ ਵਿੱਚ ਆਉਣ ਵਾਲੇ ਸਾਰੇ ਛੋਟੇ ਵੱਡੇ ਮਾਰਗਾਂ ’ਤੇ ਵੱਡੇ-ਵੱਡੇ ਪੱਥਰ ਲਾ ਉਨ੍ਹਾਂ ਨੂੰ ਬੰਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਭਾਜਪਾ ਦੀ ਇਸ ਤਾਨਾਸ਼ਾਹੀ ਦਾ ਬਦਲਾ ਰਾਜ ਦੀ ਜਨਤਾ ਵਿਧਾਨ ਸਭਾ ਚੋਣਾਂ ਵਿੱਚ ਉਸ ਨੂੰ ਸੱਤਾ ਤੋਂ ਬੇਦਖ਼ਲ ਕਰਕੇ ਲਵੇਗੀ।