ਮਹਿੰਦਰ ਸਿੰਘ ਰੱਤੀਆਂ
ਮੋਗਾ, 15 ਸਤੰਬਰ
ਜਨਤਕ ਜਥੇਬੰਦੀਆਂ ਵੱਲੋਂ ਐੱਨਆਈਏ ਦੇ ਛਾਪਿਆਂ ਖ਼ਿਲਾਫ਼ ਕਨਵੈਨਸ਼ਨ ਕੀਤੀ ਗਈ। ਕੇਂਦਰੀ ਜਾਂਚ ਏਜੰਸੀ ਦੀਆਂ ਇਹ ਕਾਰਵਾਈਆਂ ਕੇਂਦਰੀ ਹਕੂਮਤ ਵੱਲੋਂ ਹਾਕਮਾਂ ਖ਼ਿਲਾਫ਼ ਬੋਲਣ ਵਾਲੇ ਲੋਕਾਂ ਦੀ ਜ਼ੁਬਾਨਬੰਦੀ ਅਤੇ ਫੈਡਰਲ ਢਾਂਚੇ ’ਤੇ ਹਮਲਾ ਕਰਾਰ ਦਿੱਤਾ ਗਿਆ।
ਕਿਰਤੀ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ, ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਔਰਤ ਵਿੰਗ ਕਨਵੀਨਰ ਛਿੰਦਰਪਾਲ ਕੌਰ ਰੋਡੇ, ਬੀਕੇਯੂ ਏਕਤਾ ਉਗਰਾਹਾਂ ਆਗੂ ਬਲੌਰ ਸਿੰਘ ਘਾਲੀ, ਕੁਲਦੀਪ ਕੌਰ ਕੁੱਸਾ, ਵਕੀਲ ਅਤੇ ਸਮਾਜਿਕ ਕਾਰਕੁਨ ਅਮਨਦੀਪ ਕੌਰ, ਜਮਹੂਰੀ ਅਧਿਕਾਰ ਸਭਾ ਆਗੂ ਦਰਸ਼ਨ ਸਿੰਘ ਤੂਰ ਤੇ ਸਰਬਜੀਤ ਸਿੰਘ ਦੌਧਰ, ਨੌਜਵਾਨ ਭਾਰਤ ਸਭਾ ਆਗੂ ਕਰਮਜੀਤ ਮਾਣੂੰਕੇ, ਡੈਮੋਕ੍ਰੈਟਿਕ ਜੰਗਲਾਤ ਮੁਲਾਜ਼ਮ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਸੇਖਾ, ਪੇਂਡੂ ਮਜ਼ਦੂਰ ਯੂਨੀਅਨ ਆਗੂ ਮੰਗਾ ਸਿੰਘ ਵੈਰੋਕੇ, ਪੰਜਾਬ ਖੇਤ ਮਜ਼ਦੂਰ ਯੂਨੀਅਨ ਆਗੂ ਮੇਜਰ ਸਿੰਘ ਕਾਲੇਕੇ, ਕ੍ਰਾਂਤੀਕਾਰੀ ਮਜ਼ਦੂਰ ਯੂਨੀਅਨ ਆਗੂ ਲਖਵੀਰ ਸਿੰਘ ਸਿੰਘਾਂਵਾਲਾ, ਕ੍ਰਿਸ਼ਨ ਪ੍ਰਤਾਪ ਅਤੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਬਿੱਕਰ ਸਿੰਘ ਚੂਹੜਚੱਕ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਜੁਬਾਨਬੰਦੀ ਕਰਨ ਲਈ ਰਾਜਨੀਤਿਕ, ਬੁੱਧੀਜੀਵੀ, ਪੱਤਰਕਾਰ, ਵਕੀਲ ਤੇ ਇਨਸਾਫਪਸੰਦ ਲੋਕਾਂ ਦੇ ਘਰਾਂ ਵਿਚ ਇਹ ਛਾਪੇਮਾਰੀਆਂ ਕਰਵਾਈਆਂ ਜਾ ਰਹੀਆਂ ਹਨ। ਐੱਨਆਈਏ ਦੇ ਛਾਪੇ ਦਹਿਸ਼ਤ ਪਾਉਣ ਦੀ ਕਾਰਵਾਈ ਕੇਂਦਰੀ ਹਕੂਮਤ ਵੱਲੋਂ ਹਾਕਮਾਂ ਖ਼ਿਲਾਫ਼ ਬੋਲਣ ਵਾਲੇ ਲੋਕਾਂ ਦੀ ਜ਼ੁਬਾਨਬੰਦੀ ਅਤੇ ਫੈਡਰਲ ਢਾਂਚੇ ’ਤੇ ਹਮਲਾ ਹੈ। ਐੱਨਆਈਏ ਦੀਆਂ ਪੰਜਾਬ ਸਮੇਤ ਵੱਖ-ਵੱਖ ਥਾਈਂ ਮਾਰੇ ਜਾ ਰਹੇ ਛਾਪਿਆਂ ਨੂੰ ਬੰਦ ਕਰਨ ਦੀ ਮੰਗ ਕਰਦੇ ਹੋਏ ਕਿਹਾ ਕਿ ਮੋਦੀ ਹਕੂਮਤ ਆਪਣੀ ਆਲੋਚਨਾ, ਵਿਰੋਧ ਨੂੰ ਕੁਚਲਣ ਲਈ ਜਮਹੂਰੀ ਅਧਿਕਾਰਾਂ ਦਾ ਘਾਣ ਕਰਨਾ ਬੰਦ ਕਰੇ।