ਚਰਨਜੀਤ ਸਿੰਘ ਚੰਨੀ
ਮੁੱਲਾਂਪੁਰ ਗਰੀਬਦਾਸ, 15 ਸਤੰਬਰ
ਨਿਊ ਚੰਡੀਗੜ੍ਹ ਵਿੱਚ ਓਮੈਕਸ, ਡੀਐਲਐਫ, ਅੰਬਿਕਾ, ਕਾਸੀਆ, ਈਕੋ ਸਿਟੀ ਦੇ ਲੋਕਾਂ ਨੇ ਅੱਜ ਆਰ-6 ਵਾਲੀ ਮੁੱਖ ਸੜਕ ਦੀ ਮਾੜੀ ਹਾਲਤ ਤੇ ਇੱਕ ਪਾਸੜ ਆਵਾਜਾਈ ਹੋਣ ਕਾਰਨ ਵਾਪਰਦੇ ਹਾਦਸਿਆਂ ਦੇ ਰੋਸ ਵਜੋਂ ਪੰਜਾਬ ਸਰਕਾਰ, ਗਮਾਡਾ ਤੇ ਓਮੈਕਸ ਪ੍ਰਬੰਧਕਾਂ ਖ਼ਿਲਾਫ਼ ਪ੍ਰਦਰਸ਼ਨ ਕੀਤਾ। ਉਨ੍ਹਾਂ ਸੜਕਾਂ ਉੱਤੇ ਸੀਸੀਟੀਵੀ ਕੈਮਰਿਆਂ ਦੀ ਅਣਹੋਂਦ, ਬਿਜਲੀ ਦੀ ਮਾੜੀ ਹਾਲਤ ਤੇ ਸੜਕ ਹਾਦਸਿਆਂ ’ਚ ਹੋਈਆਂ ਮੌਤਾਂ ਖ਼ਿਲਾਫ਼ ਕਲੌਕ ਮਾਰਕੀਟ ਤੱਕ ਮਾਰਚ ਕੀਤਾ।
ਇਸ ਦੌਰਾਨ ਰਣਧੀਰ ਸਿੰਘ ਨੇ ਕਿਹਾ ਕਿ ਉਹ ਵੱਡੇ ਸੁਫ਼ਨੇ ਲੈ ਕੇ ਹਿਮਾਚਲ ਤੋਂ ਨਿਊ ਚੰਡੀਗੜ੍ਹ ਆਏ ਸਨ ਪਰ ਸੜਕ ਦੀ ਮਾੜੀ ਹਾਲਤ ਕਾਰਨ ਪਿਛਲੇ ਮੰਗਲਵਾਰ ਨੂੰ ਉਸ ਦੀ ਧੀ ਬਿੰਦੂ ਰਾਣਾ ਦੀ ਹਾਦਸੇ ਦੌਰਾਨ ਮੌਤ ਹੋ ਗਈ। ਮਨਿੰਦਰ ਸਿੰਘ ਬਾਵਾ ਨੇ ਕਿਹਾ ਕਿ ਉਸ ਦੇ ਲੜਕੇ ਬ੍ਰਹਮਜੀਤ ਬਾਵਾ ਦੀ ਇਸੇ ਹੀ ਸੜਕ ਉੱਤੇ ਲੰਘੇ ਮਹੀਨੇ ਦੌਰਾਨ ਕਾਰ ਪਲਟਣ ਕਾਰਨ ਮੌਤ ਹੋ ਗਈ ਸੀ। ਹਾਦਸਿਆਂ ਦਾ ਕਾਰਨ ਲੋਕਾਂ ਨੇ ਸੜਕ ਦੀ ਮਾੜੀ ਹਾਲਤ ਤੇ ਇੱਕ ਪਾਸੜ ਆਵਾਜਾਈ ਹੋਣਾ ਦੱਸਿਆ।
ਵੀਨਾ ਸਚਦੇਵਾ, ਕੇ ਆਰ ਨੇਗੀ, ਵਿਨੋਦ ਠਾਕੁਰ, ਸੁਰਿੰਦਰ ਸ਼ਰਮਾ, ਜਗਜੀਤ ਸ਼ਰੀਨ, ਰਾਜੇਸ਼ ਸ਼ਰਮਾ, ਜਤਿੰਦਰ ਸਿੰਘ ਗੁਰੂ, ਭੂਸ਼ਨ ਰਹੋਤਾ, ਪ੍ਰਧਾਨ ਪ੍ਰਦੀਪ ਗੁਪਤਾ, ਬਾਲੀ ਸਣੇ ਲਾਗਲੇ ਪਿੰਡਾਂ ਰਾਣੀ ਮਾਜਰਾ, ਕੰਸਾਲਾ, ਪੜੌਲ, ਢੋਡੇ ਮਾਜਰਾ, ਰਸੂਲਪੁਰ, ਭੜੌਜੀਆਂ ਆਦਿ ਦੇ ਲੋਕਾਂ ਨੇ ਕਿਹਾ ਕਿ ਜੇ ਜਲਦੀ ਸੜਕ ਦੀ ਹਾਲਤ ਨਾ ਸੁਧਾਰੀ ਗਈ ਤਾਂ ਸਰਕਾਰ ਤੇ ਗਮਾਡਾ ਦੇੇ ਵਿਰੋਧ ਵਜੋਂ ਨਿਊ ਚੰਡੀਗੜ੍ਹ ਵਿੱਚ ਦਾਖ਼ਲੇ ਵਾਲੇ ਸਾਰੇ ਰਾਸਤਿਆਂ ਵਿੱਚ ਅਣਮਿਥੇ ਸਮੇਂ ਲਈ ਸੜਕਾਂ ਜਾਮ ਕੀਤੀਆਂ ਜਾਣਗੀਆਂ।