ਪ੍ਰਸ਼ੋਤਮ ਬੱਲੀ
ਬਰਨਾਲਾ, 15 ਸਤੰਬਰ
ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਜੱਦੀ ਪਿੰਡ ਠੀਕਰੀਵਾਲਾ ਵਿੱਚ ਨਸ਼ੇ ਕਾਰਨ ਹੋ ਰਹੀਆਂ ਮੌਤਾਂ ਤੋਂ ਫ਼ਿਕਰਮੰਦ ਪਿੰਡ ਦੀ ਗ੍ਰਾਮ ਪੰਚਾਇਤ, ਲੋਕਲ ਗੁਰਦੁਆਰਾ ਪ੍ਰਬੰਧਕ ਕਮੇਟੀ, ਕਿਸਾਨ ਜਥੇਬੰਦੀਆਂ-ਕਾਦੀਆਂ, ਡਕੌਂਦਾ, ਰਾਜੇਵਾਲ, ਸਿੱਧੂਪੁਰ, ਜੈ ਕਿਸਾਨ ਅੰਦੋਲਨ ਸਣੇ ਸਿਆਸੀ ਪਾਰਟੀਆਂ ’ਚੋਂ ‘ਆਪ’, ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ, ਮਾਨ ਦਲ, ਬੀਜੇਪੀ, ਸਮਾਜਿਕ ਜਥੇਬੰਦੀਆਂ ਨੌਜਵਾਨ ਸਭਾ, ਅਮਰ ਸ਼ਹੀਦ ਸੇਵਾ ਸਿੰਘ ਐਵਰਗਰੀਨ ਸੁਸਾਇਟੀ ਵੱਲੋਂ ਸਾਂਝੀ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੀਆਂ ਵਿੱਚ ਕੀਤੀ ਗਈ। ਮੀਟਿੰਗ ਦੌਰਾਨ ਦਿਨੋਂ-ਦਿਨ ਵਧ ਰਹੇ ‘ਚਿੱਟੇ’ ਦੇ ਨਸ਼ੇ ਤੋਂ ਨੌਜਵਾਨੀ ਨੂੰ ਬਚਾਉਣ ਸਬੰਧੀ ਵਿਚਾਰਾਂ ਹੋਈਆਂ। ਇਸ ਮੌਕੇ ਪਿੰਡ ਦੀ ਜੂਹ ’ਚ ਨਸ਼ਾ ਵੇਚਦਿਆਂ ਫੜੇ ਜਾਣ ਵਾਲੇ ਮਸ਼ਕੂਕਾਂ ਖ਼ਿਲਾਫ਼ ‘ਸੰਗਤੀ ਰੈੱਡ ਅਲਰਟ’ ਜਾਰੀ ਕਰਦਿਆਂ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੇ ਖੁਦ ਜ਼ਿੰਮੇਵਾਰ ਹੋਣ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ। ਆਗੂਆਂ ਨੇ ਕਿਹਾ ਕਿ ‘ਗਿੱਦੜਕੁੱਟ’ ਦੀ ਸੰਭਾਵਨਾ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ, ਕਾਨੂੰਨੀ ਕਾਰਵਾਈ ਵੱਖਰੀ ਹੋਵੇਗੀ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਜੇ ਫੜਿਆਂ ਗਿਆ ਮਸ਼ਕੂਕ ਸਥਾਨਕ ਵਾਸੀ ਹੋਇਆ ਤਾਂ ਉਹ ਸਮਾਜਿਕ ਬਾਈਕਾਟ ਦਾ ਵੀ ਸਾਹਮਣਾ ਕਰਨ ਲਈ ਤਿਆਰ ਰਹੇ। ਬਿਨਾਂ ਕਿਸੇ ਪੱਖਪਾਤ ਦੇ ਸੰਜੀਦਾ ਐਕਸ਼ਨ ਅਮਲ ਵਿੱਚ ਲਿਆਉਣ ਹਿਤ ਪਿੰਡ ਨੁਮਾਇੰਦਿਆਂ ਦੀ 50 ਮੈਂਬਰੀ ਕਮੇਟੀ ਵੀ ਕਾਇਮ ਕੀਤੀ ਗਈ ਹੈ। ਇਹ ਫ਼ੈਸਲਾ ਵੀ ਕੀਤਾ ਗਿਆ ਹੈ ਕਿ ਪਹਿਲਾਂ ਪਿੰਡ ਵਿੱਚ ਨਸ਼ਾ ਵਰਤਣ ਅਤੇ ਵੇਚਣ ਵਾਲਿਆਂ ਲਈ ਚਿਤਾਵਨੀ ਵਾਲੇ ਬੈਨਰ ਲਗਾਏ ਜਾਣਗੇ ਤੇ ਗੁਰਦੁਆਰਾ ਸਾਹਿਬ ਤੋਂ ਲਗਾਤਾਰ ਅਨਾਉਂਸਮੈਂਟ ਕਰਵਾਈ ਜਾਵੇਗੀ। ਜਲਦੀ ਪੁਲੀਸ ਪ੍ਰਸ਼ਾਸਨ ਨਾਲ ਮੀਟਿੰਗਾਂ ਵੀ ਕੀਤੀਆਂ ਜਾਣਗੀਆਂ।