ਭਗਵਾਨ ਦਾਸ ਸੰਦਲ
ਦਸੂਹਾ, 15 ਸਤੰਬਰ
ਪਿੰਡ ਭੂਸ਼ਾਂ ਵਿੱਚ ਹਲਕਾ ਵਿਧਾਇਕ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ 14 ਲੱਖ ਰੁਪਏ ਦੀ ਲਾਗਤ ਵਾਲੇ ਵਾਟਰ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਵਿਧਾਇਕ ਘੁੰਮਣ ਨੇ ਆਖਿਆ ਕਿ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨਾਲ ਪਿੰਡ ਵਾਸੀਆਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸਮੱਸਿਆ ਦਾ ਸਥਾਈ ਹੱਲ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਪਿੰਡ ਭੂਸ਼ਾਂ ਵਿੱਚ ਨਵੀਂ ਬਣ ਰਹੀ ਲਾਇਬਰੇਰੀ ਜਲਦ ਲੋਕ ਅਰਪਣ ਕੀਤੀ ਜਾਵੇਗੀ ਜੋ ਸਾਹਿਤ ਪ੍ਰੇਮੀਆਂ ਤੇ ਨੌਜਵਾਨਾਂ ਲਈ ਲਾਹੋਵੰਦ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਚਾਹੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੀ ਗੱਲ ਹੋਵੇ ਜਾਂ ਪੀਣ ਵਾਲਾ ਸਾਫ਼ ਪਾਣੀ, ਸਿੱਖਿਆ ਵਰਗੀਆਂ ਸੁਵਿਧਾਵਾਂ ਮੁਹੱਈਆ ਕਰਵਾਉਣਾ ਹੋਵੇ, ਹਰ ਲੋਕ ਸੁਵਿਧਾ ਨਾਲ ਜੁੜੇ ਮਾਮਲਿਆਂ ’ਤੇ ਬਹੁਤ ਹੀ ਗੰਭੀਰਤਾ ਨਾਲ ਕੰਮ ਹੋ ਰਿਹਾ ਹੈ। ਇਸ ਮੌਕੇ ਘੁੰਮਣ ਨੇ ਪਿੰਡ ਦੀਆਂ ਨਵੀਆਂ ਬਣੀਆਂ ਗਲੀਆਂ ਦਾ ਵੀ ਉਦਘਾਟਨ ਕੀਤਾ। ਇਸ ਮੌਕੇ ਜਸਕਰਨ ਸਿੰਘ ਭੂਸ਼ਾਂ, ਬੀਡੀਪੀੳ ਗੁਰਪ੍ਰੀਤ ਸਿੰਘ, ਸਕੱਤਰ ਜਰਨੈਲ ਸਿੰਘ, ਜੇਈ ਸੰਦੀਪ, ਦਿਲਬਾਗ ਸਿੰਘ ਗਾਲੋਵਾਲ ਤੇ ਗੁਰਦੀਪ ਸਿੰਘ ਆਲਮਪੁਰ ਆਦਿ ਮੌਜੂਦ ਸਨ।
ਇਸੇ ਤਰ੍ਹਾਂ ਸ਼ਹਿਰੀਆਂ ਦੀ ਚਿਰਕੋਣੀ ਮੰਗ ਨੂੰ ਪੂਰਾ ਕਰਦਿਆ ਵਿਧਾਇਕ ਕਰਮਬੀਰ ਘੁੰਮਣ ਨੇ ਰੇਲਵੇ ਪੁਲ ਹੇਠਾਂ 8 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਖੇਡ ਗਰਾਊਂਡ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ ਘੁੰਮਣ ਨੇ ਕਿਹਾ ਕਿ ਖੇਡਾਂ ਨੂੰ ਪ੍ਰਫੂਲਿੱਤ ਕਰਨ ਲਈ ਪਿੰਡਾਂ, ਕਸਬਿਆਂ ਤੇ ਸ਼ਹਿਰਾਂ ’ਚ ਖੇਡ ਗਰਾਊਂਡਾਂ ਦਾ ਨਿਰਮਾਣ ਕਰਵਾ ਕੇ ਉਹ ਜਨਤਾ ਨਾਲ ਕੀਤੇ ਵਾਅਦੇ ਪੁਗਾ ਰਹੇ ਹਨ।