ਜਤਿੰਦਰ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 15 ਸਤੰਬਰ
ਚੌਥੀ ਪਾਤਸ਼ਾਹੀ ਗੁਰੂ ਰਾਮਦਾਸ ਜੀ ਦੇ 450 ਸਾਲਾ ਗੁਰਤਾਗੱਦੀ ਦਿਵਸ ਅਤੇ ਤੀਸਰੀ ਪਾਤਸ਼ਾਹੀ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤਿ ਦਿਵਸ ਨੂੰ ਸਮਰਪਿਤ ਗੋਇੰਦਵਾਲ ਸਾਹਿਬ ਵਿੱਚ ਸ਼ਤਾਬਦੀ ਸਮਾਗਮਾਂ ਦੇ ਪਹਿਲੇ ਦਿਨ ਹੀ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਵੱਲੋਂ ਕੀਤੇ ਪ੍ਰਬੰਧ ਫਿੱਕੇ ਪੈ ਗਏ। ਇਸ ਦੌਰਾਨ ਸੰਗਤ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਜਾਣਕਾਰੀ ਅਨੁਸਾਰ ਸ੍ਰੀ ਗੋਇੰਦਵਾਲ ਸਾਹਿਬ ਆਉਣ ਵਾਲੇ ਰਸਤਿਆਂ ’ਤੇ ਵਾਹਨਾਂ ਦੇ ਘੜਮੱਸ ਕਾਰਨ ਕਾਰਨ ਜਿੱਥੇ ਸੰਗਤ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪਿਆ, ਉਥੇ ਹੀ ਸ਼ਤਾਬਦੀ ਸਮਾਗਮਾਂ ਦੌਰਾਨ ਤਾਇਨਾਤ ਪੁਲੀਸ ਮੁਲਾਜ਼ਮਾਂ ਦੇ ਦੁਰਵਿਹਾਰ ਕਾਰਨ ਨਮੋਸ਼ੀ ਝੱਲਣੀ ਪਈ।
ਗੁਰੂ ਘਰ ਮੱਥਾ ਟੇਕਣ ਆਏ ਸ਼ਰਧਾਲੂ ਸਤਨਾਮ ਸਿੰਘ, ਜਰਨੈਲ ਸਿੰਘ, ਹਰਪ੍ਰੀਤ ਸਿੰਘ ਤੇ ਅਰਜੁਨ ਸਿੰਘ ਆਦਿ ਨੇ ਦੱਸਿਆ ਕਿ ਸਿਵਲ ਅਤੇ ਪੁਲੀਸ ਪ੍ਰਸ਼ਾਸਨ ਦੇ ਮਾੜੇ ਪ੍ਰਬੰਧਾਂ ਕਾਰਨ ਸ਼ਤਾਬਦੀ ਸਮਾਗਮਾਂ ਦੀ ਸ਼ੁਰੂਆਤ ਮੌਕੇ ਸੰਗਤ ਨੂੰ ਦਿੱਕਤਾਂ ਪੇਸ਼ ਆਈਆਂ। ਉਨ੍ਹਾਂ ਕਿਹਾ ਕਿ ਪੁਲੀਸ ਮੁਲਾਜ਼ਮਾਂ ਵੱਲੋਂ ਸੰਗਤ ਨੂੰ ਖੱਜਲ-ਖੁਆਰ ਕੀਤਾ ਜਾ ਰਿਹਾ ਹੈ, ਜਿਸ ਕਾਰਨ ਬਜ਼ੁਰਗ ਅਤੇ ਬੱਚਿਆਂ ਨੂੰ ਗੁਰੂ ਘਰ ਦੇ ਦਰਸ਼ਨ ਕਰਵਾਉਣ ਲਈ ਘੰਟਿਆਂਬੱਧੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਆਖਿਆ ਕਿ ਲੱਖਾਂ ਸ਼ਰਧਾਲੂ ਗੁਰੂ ਅਮਰਦਾਸ ਜੀ ਦੇ ਸ਼ਤਾਬਦੀ ਸਮਾਗਮਾਂ ਵਿੱਚ ਹਾਜ਼ਰੀ ਭਰਨ ਲਈ ਪਹੁੰਚ ਰਹੇ ਹਨ ਪਰ ਪ੍ਰਸ਼ਾਸਨ ਵੱਲੋਂ ਸੰਗਤ ਲਈ ਨਾ ਤਾਂ ਕੋਈ ਪਾਰਕਿੰਗ ਦੀ ਸਹੂਲਤ ਅਤੇ ਨਾ ਹੀ ਆਰਜ਼ੀ ਪਖਾਨਿਆਂ ਆਦਿ ਦੀ ਸਹੂਲਤ ਦਿੱਤੀ ਗਈ ਹੈ। ਜਿਸ ਕਾਰਨ ਔਰਤਾਂ ਅਤੇ ਬੱਚਿਆਂ ਨੂੰ ਮੁਸ਼ਕਲਾਂ ਆ ਰਹੀਆਂ ਹਨ। ਨਰਿੰਦਰ ਸਿੰਘ ਤੇ ਬਲਕਾਰ ਸਿੰਘ ਆਦਿ ਨੇ ਆਖਿਆ ਕਿ ਪੁਲੀਸ ਪ੍ਰਸ਼ਾਸਨ ਦੇ ਦੁਰਵਿਹਾਰ ਕਾਰਨ ਸੰਗਤ ਦੇ ਮਨਾਂ ਨੂੰ ਠੇਸ ਪੁੱਜੀ। ਇਸ ਸਬੰਧੀ ਐੱਸਡੀਐੱਮ ਸਚਿਨ ਪਾਠਕ ਨੇ ਆਖਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੰਗਤ ਲਈ ਯੋਗ ਪ੍ਰਬੰਧ ਕੀਤੇ ਗਏ ਹਨ ਜੇਕਰ ਸੰਗਤ ਨੂੰ ਫਿਰ ਵੀ ਸੰਗਤ ਨੂੰ ਕੋਈ ਪ੍ਰੇਸ਼ਾਨੀ ਆ ਰਹੀ ਹੈ ਤਾਂ ਉਹ ਤੁਰੰਤ ਹੱਲ ਕਰਨਗੇ।
ਧਾਰਮਿਕ ਤੇ ਗਤਕਾ ਮੁਕਾਬਲੇ ਅੱਜ
ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਨੇ ਦੱਸਿਆ ਕਿ ਸ਼ਤਾਬਦੀ ਸਮਾਗਮਾਂ ਦੇ ਚਲਦਿਆਂ ਦੂਸਰੇ ਦਿਨ 16 ਸਤੰਬਰ ਨੂੰ ਗੁਰੂ ਅਮਰਦਾਸ ਜੀ ਦੇ 450 ਸਾਲਾ ਜੋਤੀ-ਜੋਤਿ ਦਿਵਸ ਸਬੰਧੀ ਸ੍ਰੀ ਅਖੰਡ ਪਾਠ ਦੀ ਸ਼ੁਰੂਆਤ ਹੋਵੇਗੀ। ਸ੍ਰੀ ਕਾਹਲਵਾਂ ਨੇ ਦੱਸਿਆਂ ਕਿ 16 ਸਤੰਬਰ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਿੱਖ ਮਿਸ਼ਨਰੀ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ ਕੀਤਾ ਜਾਵੇਗਾ ਅਤੇ ਵਿੱਦਿਅਕ ਅਦਾਰਿਆਂ ਦੇ ਬੱਚਿਆਂ ਦੇ ਗੁਰਬਾਣੀ ਕੀਰਤਨ, ਕਵੀਸ਼ਰੀ, ਢਾਡੀ, ਕਵਿਤਾ ਅਤੇ ਭਾਸ਼ਣ ਮੁਕਾਬਲੇ ਕਰਵਾਏ ਜਾਣਗੇ। ਇਸ ਤੋਂ ਇਲਾਵਾ ਸੰਧਿਆ ਵੇਲੇ ਨੈਸ਼ਨਲ ਗੱਤਕਾ ਟੀਮਾਂ ਵਿਚਕਾਰ ਮੁਬਾਲਕੇ ਵੀ ਹੋਣਗੇ।