ਹਤਿੰਦਰ ਮਹਿਤਾ
ਜਲੰਧਰ, 16 ਸਤੰਬਰ
ਕਮਿਸ਼ਨਰੇਟ ਪੁਲੀਸ ਨੇ 11ਕਿੱਲੋ ਹੈਰੋਇਨ ਬਰਾਮਦ ਕਰਕੇ ਅੰਤਰਰਾਸ਼ਟਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਸੀਆਈਏ ਸਟਾਫ਼ ਜਲੰਧਰ ਦੀ ਪੁਲੀਸ ਟੀਮ ਥਾਣਾ ਡਿਵੀਜ਼ਨ 6, ਜਲੰਧਰ ਦੇ ਖੇਤਰ ਵਿੱਚ ਗਸ਼ਤ ਕਰ ਰਹੀ ਸੀ ਤਾਂ ਪੁਲੀਸ ਨੇ ਸ਼ਿੰਦਾ ਸਿੰਘ ਉਰਫ ਕਾਲਾ ਵਾਸੀ ਪਿੰਡ ਚੱਕ ਭੰਗੋਵਾਲਾ, ਥਾਣਾ ਮਮਦੋਟ ਫਿਰੋਜ਼ਪੁਰ ਨੂੰ 1 ਕਿੱਲੋ ਹੈਰੋਇਨ ਅਤੇ 4 ਲੱਖ ਰੁਪਏ ਡਰੱਗ ਮਨੀ ਸਣੇ ਕਾਬੂ ਕੀਤਾ ਤੇ ਮਗਰੋਂ ਪੁਲੀਸ ਨੇ ਤਫ਼ਤੀਸ਼ ਦੌਰਾਨ 10 ਕਿੱਲੋ ਹੈਰੋਇਨ ਸਣੇ ਚਾਰ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਹਰਜਿੰਦਰ ਪਾਲ ਸਿੰਘ ਉਰਫ਼ ਜਿੰਦਰ ਵਾਸੀ ਪਿੰਡ ਗੰਢੂ ਕਿੱਲੇ ਥਾਣਾ ਮਮਦੋਟ ਫਿਰੋਜ਼ਪੁਰ, ਵੀਰ ਸਿੰਘ ਉਰਫ਼ ਵੀਰੂ ਵਾਸੀ ਪਿੰਡ ਕਿਲਚੇ ਥਾਣਾ ਸਦਰ ਫਿਰੋਜ਼ਪੁਰ, ਸੁਰਮੁੱਖ ਸਿੰਘ ਉਰਫ ਸੇਮਾ ਵਾਸੀ ਪਿੰਡ ਲੰਗੇਆਣਾ ਥਾਣਾ ਸਦਰ ਫਿਰੋਜ਼ਪੁਰ ਅਤੇ ਮਲੂਕ ਸਿੰਘ ਵਾਸੀ ਪਿੰਡ ਗੰਡੂ ਕੀਰਚੇ ਥਾਣਾ ਮਮਦੋਟ ਫਿਰੋਜ਼ਪੁਰ ਵਜੋਂ ਹੋਈ ਹੈ। ਇਹ ਮੁਲਜ਼ਮ ਪਾਕਿਸਤਾਨ ਤੋਂ ਹੈਰੋਇਨ ਦੀ ਤਸਕਰੀ ਕਰਨ ਲਈ ਡਰੋਨ ਸਣੇ ਹਾਈਟੈੱਕ ਯੰਤਰਾਂ ਦੀ ਵਰਤੋਂ ਕਰਦੇੇ ਸਨ। ਹਰਜਿੰਦਰ ਪਾਲ ਸਿੰਘ ਵਿਰੁੱਧ ਪਹਿਲਾਂ ਹੀ ਐੱਫਆਈਆਰ ਦਰਜ ਕੀਤੀ ਗਈ ਸੀ ਅਤੇ 2022 ਵਿੱਚ ਜੇਲ੍ਹ ਤੋਂ ਰਿਹਾਅ ਹੋਇਆ ਸੀ। ਉਸ ਨੇ ਦੱਸਿਆ ਕਿ ਉਹ ਰਿਆਸਤ ਡੋਗਰ ਸਣੇ ਪਾਕਿਸਤਾਨੀ ਫੌਜ ਅਤੇ ਹੈਂਡਲਰਾਂ ਦੇ ਸੰਪਰਕ ਵਿੱਚ ਸੀ। ਇਸੇ ਤਰ੍ਹਾਂ ਬਾਕੀ ਸਾਰੇ ਮੁਲਜ਼ਮਾਂ ਦਾ ਅਪਰਾਧਿਕ ਰਿਕਾਰਡ ਹੈ ਅਤੇ ਲੰਬੇ ਸਮੇਂ ਤੋਂ ਨਸ਼ਿਆਂ ਦਾ ਕਾਰੋਬਾਰ ਕਰ ਰਹੇ ਸਨ।