ਖੇਤਰੀ ਪ੍ਰਤੀਨਿਧ
ਘਨੌਰ, 16 ਸਤੰਬਰ
ਘਨੌਰ ਵਿਧਾਨ ਸਭਾ ਹਲਕੇ ਦੇ ਕਈ ਪਿੰਡਾਂ ਦੇ ਵਿਕਾਸ ਕਾਰਜਾਂ ਲਈ ਗਰਾਂਟ ’ਤੇ ਲੱਗੀ ਰੋਕ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਣ ’ਤੇ ਘਨੌਰ ਦੇ ‘ਆਪ’ ਵਿਧਾਇਕ ਗੁਰਲਾਲ ਘਨੌਰ ਦਾ ਅੱਜ ਪਿੰਡ ਪੱਬਰਾ ਦੇ ਸਾਬਕਾ ਸਰਪੰਚ ਪਾਲ ਸਿੰਘ ਰਾਣਾ ਅਤੇ ਸਵਰਨ ਸਿੰਘ ਪੱਬਰੀ ਦੀ ਅਗਵਾਈ ਹੇਠ ਸਨਮਾਨ ਕੀਤਾ ਗਿਆ। ਲੋਕਾਂ ਦਾ ਕਹਿਣਾ ਸੀ ਕਿ ਲੰਬੇ ਸਮੇਂ ਤੋਂ ਹਲਕੇ ਦੇ 80 ਤੋਂ ਜ਼ਿਆਦਾ ਪਿੰਡਾਂ ਦੇ ਵਿਕਾਸ ਦਾ ਮੁੱਦਾ ਚੁੱਕ ਕੇ ਵਿਧਾਇਕ ਨੇ ਲੋਕਾਂ ਲਈ ਵੱਡੀ ਰਾਹਤ ਦਾ ਕੰਮ ਕੀਤਾ ਹੈ ਕਿਉਂਕਿ ਇਨ੍ਹਾਂ ਪਿੰਡਾਂ ਦੇ ਖਾਤੇ ਸੀਜ਼ ਹੋਣ ਕਰਕੇ ਨਾ ਤਾਂ ਕੋਈ ਪੈਸਾ ਖਰਚਿਆ ਜਾ ਸਕਦਾ ਹੈ ਅਤੇ ਨਾ ਹੀ ਪੰਚਾਇਤ ਦੇ ਖਾਤਿਆਂ ’ਚੋਂ ਵਿਕਾਸ ਕਾਰਜਾਂ ਵਾਸਤੇ ਕੋਈ ਪੈਸਾ ਕਢਵਾਇਆ ਜਾ ਸਕਦਾ ਹੈ।
ਪਾਲ ਸਿੰਘ ਰਾਣਾ ਨੇ ਕਿਹਾ ਕਿ ਗੁਰਲਾਲ ਘਨੌਰ ਵੱਲੋਂ ਵੈਸੇ ਵੀ ਹਲਕੇ ਦੀ ਨੁਹਾਰ ਬਦਲਣ ਵਾਸਤੇ ਸ਼ਿੱਦਤ ਨਾਲ ਕੰਮ ਕੀਤਾ ਜਾ ਰਿਹਾ ਹੈ। ਸਵਰਨ ਸਿੰਘ ਪੱਬਰੀ ਨੇ ਕਿਹਾ ਕਿ ਜਦੋਂ ਤੱਕ ਪੰਚਾਇਤਾਂ ਦੇ ਫੰਡਾਂ ’ਤੇ ਲੱਗੀ ਰੋਕ ਨਹੀਂ ਹਟੇਗੀ, ਉਦੋਂ ਤੱਕ ਇਨ੍ਹਾਂ ਪਿੰਡਾਂ ਵਿੱਚ ਵਿਕਾਸ ਕਾਰਜ ਹੋਣੇ ਬਹੁਤ ਔਖੇ ਹਨ।