ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 16 ਸਤੰਬਰ
ਕਰੀਬ ਇੱਕ ਹਫ਼ਤਾ ਪਹਿਲਾਂ ਪਿੰਡ ਗਿਦੜਿਆਣੀ ਦੀ ਇੱਕ ਔਰਤ ਦੀ ਹੋਈ ਮੌਤ ਦਾ ਮਾਮਲਾ ਭਖਣ ਦੇ ਆਸਾਰ ਹਨ। ਮ੍ਰਿਤਕਾ ਦੇ ਪਰਿਵਾਰ ਨੇ ਮੌਤ ਲਈ ਸਥਾਨਕ ਸਿਵਲ ਹਸਪਤਾਲ ’ਚ ਤਾਇਨਾਤ ਇੱਕ ਮਹਿਲਾ ਡਾਕਟਰ ਦੀ ਕਥਿਤ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਅੱਜ ਪੀੜਤ ਪਰਿਵਾਰ ਨੇ ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਤੇ ਪਿੰਡ ਦੇ ਲੋਕਾਂ ਸਮੇਤ ਐੱਸਐੱਸਪੀ ਸੰਗਰੂਰ ਨੂੰ ਲਿਖਤੀ ਸ਼ਿਕਾਇਤ ਸੌਂਪਦਿਆਂ ਮਹਿਲਾ ਡਾਕਟਰ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।
ਐੱਸਐੱਸਪੀ ਨੂੰ ਮਿਲਣ ਤੋਂ ਬਾਅਦ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਮ੍ਰਿਤਕ ਮਹਿਲਾ ਸਰਬਜੀਤ ਕੌਰ ਦੇ ਪਤੀ ਦਰਸ਼ਨ ਸਿੰਘ ਵਾਸੀ ਪਿੰਡ ਗਿਦੜਿਆਣੀ ਜ਼ਿਲ੍ਹਾ ਸੰਗਰੂਰ ਨੇ ਦੱਸਿਆ ਕਿ ਉਸ ਦੀ ਪਤਨੀ ਸਰਬਜੀਤ ਕੌਰ ਦੀ ਬੀਤੀ 10 ਸਤੰਬਰ ਨੂੰ ਮੌਤ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਉਸ ਦੀ ਪਤਨੀ ਦਾ ਇੱਕ ਅਪਰੇਸ਼ਨ 29 ਮਾਰਚ 2023 ਨੂੰ ਸਿਵਲ ਹਸਪਤਾਲ ਸੰਗਰੂਰ ਦੇ ਗਾਇਨੀ ਵਾਰਡ ’ਚ ਤਾਇਨਾਤ ਇੱਕ ਮਹਿਲਾ ਡਾਕਟਰ ਨੇ ਕੀਤਾ ਸੀ। ਦੁਬਾਰਾ ਫ਼ਿਰ 14 ਨਵੰਬਰ 2023 ਨੂੰ ਇਸੇ ਮਹਿਲਾ ਡਾਕਟਰ ਵਲੋਂ ਅਪਰੇਸ਼ਨ ਕੀਤਾ ਗਿਆ ਪਰ ਉਸ ਦੀ ਪਤਨੀ ਦੀ ਸਿਹਤ ’ਚ ਕੋਈ ਸੁਧਾਰ ਨਾ ਹੋਇਆ। ਫ਼ਿਰ ਉਹ ਆਪਣੀ ਪਤਨੀ ਨੂੰ ਇਲਾਜ ਲਈ ਏਮਜ਼ ਹਸਪਤਾਲ ਬਠਿੰਡਾ ਲੈ ਗਏ ਜਿਥੇ ਡਾਕਟਰਾਂ ਨੇ ਹਾਲਤ ਗੰਭੀਰ ਦੱਸਦਿਆਂ ਉਸ ਦਾ ਤੁਰੰਤ ਅਪਰੇਸ਼ਨ ਕੀਤਾ । ਅਪਰੇਸ਼ਨ ਤੋਂ ਬਾਅਦ ਏਮਜ਼ ਦੇ ਡਾਕਟਰਾਂ ਨੇ ਦੱਸਿਆ ਕਿ ਮਰੀਜ਼ ਦੇ ਪੇਟ ਵਿਚ ਇੱਕ ਪੱਟੀ ਸੀ ਜੋ ਕਿ ਕੱਢ ਦਿੱਤੀ ਹੈ। ਇਸ ਕਾਰਨ ਇਨਫੈਕਸ਼ਨ ਵਧਣ ਕਾਰਨ ਪੇਟ ਦੀਆਂ ਹੇਠਲੀ ਆਂਤ ਗਲ੍ਹ ਚੁੱਕੀ ਸੀ। ਡਾਕਟਰਾਂ ਵਲੋਂ ਇੱਕ ਰੁੱਕਾ ਥਾਣਾ ਲਹਿਰਾ ਭੇਜ ਕੇ ਲਿਖਿਆ ਸੀ ਕਿ ਸਿਵਲ ਹਸਪਤਾਲ ਸੰਗਰੂਰ ਵਿਖੇ ਹੋਏ ਅਪਰੇਸ਼ਨ ਸਮੇਂ ਅਣਗਹਿਲੀ ਕਾਰਨ ਇਹ ਸਭ ਹੋਇਆ ਹੈ।
ਇਸ ਦੌਰਾਨ ਉਨ੍ਹਾਂ ਦੱਸਿਆ ਕਿ ਅਜੇ ਤੱਕ ਮਾਮਲੇ ਵਿੱਚ ਕੋਈ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਐੱਸਐੱਸਪੀ ਵਲੋਂ ਇੱਕ ਹਫ਼ਤੇ ’ਚ ਜਾਂਚ ਕਰਕੇ ਇਨਸਾਫ਼ ਦਾ ਭਰੋਸਾ ਦਿਵਾਇਆ। ਇਸ ਮੌਕੇ ਭਾਕਿਯੂ ਸਿੱਧੂਪੁਰ ਦੇ ਬਲਾਕ ਲਹਿਰਾਗਾਗਾ ਦੇ ਮੀਤ ਪ੍ਰਧਾਨ ਜਗਜੀਤ ਸਿੰਘ ਗਿਦੜਿਆਣੀ ਅਤੇ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਕਮੇਟੀ ਮੈਂਬਰ ਬਲਵਿੰਦਰ ਸਿੰਘ ਜਲੂਰ ਨੇ ਕਿਹਾ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਸੰਘਰਸ਼ ਉਲੀਕਿਆ ਜਾਵੇਗਾ।
ਪੰਜ ਮੈਂਬਰੀ ਬੋਰਡ ਵੱਲੋਂ ਜਾਂਚ ਜਾਰੀ: ਸਿਵਲ ਸਰਜਨ
ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਨੇ ਦੱਸਿਆ ਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਅਨੁਸਾਰ ਡਾਕਟਰਾਂ ਦੇ ਪੰਜ ਮੈਂਬਰੀ ਬੋਰਡ ਵਲੋਂ ਜਾਂਚ ਕੀਤੀ ਜਾ ਰਹੀ ਹੈ ਜਿਸ ਵਿਚ ਤਿੰਨ ਡਾਕਟਰ ਰਾਜਿੰਦਰਾ ਹਸਪਤਾਲ ਪਟਿਆਲਾ ਅਤੇ ਦੋ ਡਾਕਟਰ ਸਿਵਲ ਹਸਪਤਾਲ ਸੰਗਰੂਰ ਤੋਂ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਏਮਜ਼ ਬਠਿੰਡਾ ਤੋਂ ਕੁੱਝ ਰਿਕਾਰਡ ਹਾਸਲ ਕਰਨਾ ਬਾਕੀ ਹੈ ਜਿਸ ਸਬੰਧੀ ਪੱਤਰ ਵੀ ਲਿਖ ਚੁੱਕੇ ਹਾਂ ਪਰ ਏਮਜ਼ ਬਠਿੰਡਾ ਤੋਂ ਰਿਕਾਰਡ ਲੈਣ ਲਈ ਇੱਕ ਡਾਕਟਰ ਭੇਜਿਆ ਜਾਵੇਗਾ। ਮਾਮਲਾ ਗੰਭੀਰ ਹੈ ਜਿਸ ਕਾਰਨ ਜਾਂਚ ਵਿਚ ਕਿਸੇ ਕਿਸਮ ਦੀ ਕੋਈ ਢਿੱਲ ਨਹੀਂ ਵਰਤੀ ਜਾ ਰਹੀ।