ਪੱਤਰ ਪ੍ਰੇਰਕ
ਅਜਨਾਲਾ, 16 ਸਤੰਬਰ
ਜਮਹੂਰੀ ਕਿਸਾਨ ਸਭਾ ਵੱਲੋਂ ਸਰਹੱਦੀ ਪਿੰਡ ਡੱਲਾ ਵਿੱਚ ਕਿਸਾਨਾਂ ਦੇ ਕਰਵਾਏ ਗਏ ਵਿਸ਼ੇਸ਼ ਇਕੱਠ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਡਾਕਟਰ ਸਤਨਾਮ ਸਿੰਘ ਅਜਨਾਲਾ ਨੇ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਖੇਤੀ ਕਿੱਤੇ ਨੂੰ ਕਾਰਪੋਰੇਟ ਦੇ ਹੱਥਾਂ ਵਿੱਚ ਸੌਂਪਣ ਲਈ ਕੋਈ ਨਾ ਕੋਈ ਕਿਸਾਨ ਵਿਰੋਧੀ ਨੀਤੀ ਘੜਦੀ ਰਹਿੰਦੀ ਹੈ। ਇਸੇ ਨੀਤੀ ਅਧੀਨ ਕੇਂਦਰ ਸਰਕਾਰ ਨੇ ਬਾਸਮਤੀ ’ਤੇ ਲਾਗੂ ਕੀਤੇ ਗਏ ਬਰਾਮਦੀ ਕੰਟਰੋਲ ਨੂੰ ਹੁਣ ਕਿਸਾਨਾਂ ਦੇ ਵਿਰੋਧ ਕਾਰਨ ਹਟਾਉਣ ਦਾ ਫੈਸਲਾ ਲਿਆ ਹੈ ਜੋ ਕਿਸਾਨਾਂ ਦੀ ਵੱਡੀ ਜਿੱਤ ਹੈ। ਡਾ. ਅਜਨਾਲਾ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਵਾਅਦੇ ਅਨੁਸਾਰ ਬਾਸਮਤੀ ਦੀਆਂ ਕਿਸਮਾਂ ’ਤੇ ਐੱਮਐੱਸਪੀ ਤੁਰੰਤ ਐਲਾਨੇ।
ਉਨ੍ਹਾਂ ਜ਼ੋਰ ਦਿੱਤਾ ਕਿ ਅਜਿਹਾ ਕਰਵਾਉਣ ਲਈ ਤੁਰੰਤ ਵੱਡੇ ਸੰਘਰਸ਼ ਲਈ ਹਰੇਕ ਕਿਸਾਨ ਨੂੰ ਅੱਗੇ ਆਉਣਾ ਚਾਹੀਦਾ ਹੈ ।ਇਸ ਮੌਕੇ ਸਮੂਹ ਕਿਸਾਨਾਂ ਨੇ 16 ਸਤੰਬਰ ਨੂੰ ਅੰਮ੍ਰਿਤਸਰ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ਦੇ ਘਰ ਅੱਗੇ ਦਿੱਤੇ ਜਾ ਧਰਨੇ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸ਼ਹੀਦ ਭਗਤ ਨੌਜਵਾਨ ਸਭਾ ਦੇ ਪ੍ਰਧਾਨ ਜੱਗਾ ਸਿੰਘ ਡੱਲਾ, ਸਭਾ ਦੇ ਆਗੂ ਸ਼ਮਸੇਰ ਸਿੰਘ, , ਗਾਇਕ ਗੁਰਪਾਲ ਗਿੱਲ, ਮੁਖਤਾਰ ਸਿੰਘ ਡੱਲਾ ਨੇ ਵੀ ਆਪਣੇ ਵਿਚਾਰ ਰੱਖੇ।