ਐੱਨਪੀ ਧਵਨ
ਪਠਾਨਕੋਟ, 16 ਸਤੰਬਰ
ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣ ਦੇ ਐਲਾਨ ਨੂੰ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਦਲੇਰਾਨਾ ਫੈਸਲਾ ਕਰਾਰ ਦਿੱਤਾ ਅਤੇ ਕਿਹਾ ਕਿ ਹਿੰਦੁਸਤਾਨ ਦੀ ਰਾਜਨੀਤੀ ਅੰਦਰ ਤਿਆਗ ਦੀ ਭਾਵਨਾ ਦਰਸਾਉਣ ਵਾਲਾ ਇਹ ਇੱਕ ਬਹੁਤ ਸ਼ਾਨਦਾਰ ਕਦਮ ਹੈ। ਉਹ ਇਸ ਫੈਸਲੇ ਦਾ ਉਹ ਸਵਾਗਤ ਕਰਦੇ ਹਨ। ਮੰਤਰੀ ਨੇ ਕੇਂਦਰੀ ਏਜੰਸੀਆਂ ਸੀਬੀਆਈ ਅਤੇ ਈਡੀ ਦੀ ਦੁਰਵਰਤੋਂ ਕਰਨ ਲਈ ਭਾਜਪਾ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਅਜਿਹੀਆਂ ਦਬਾਅ ਪਾਉਣ ਵਾਲੀਆਂ ਚਾਲਾਂ ਲੋਕਤੰਤਰ ਦੇ ਨਾਂ ’ਤੇ ਕਲੰਕ ਅਤੇ ਸੰਵਿਧਾਨਕ ਭਾਵਨਾ, ਕਦਰਾਂ-ਕੀਮਤਾਂ ਦੇ ਪੂਰੀ ਤਰ੍ਹਾਂ ਵਿਰੁੱਧ ਹਨ। ਉਹ ਅੱਜ ਭੋਆ ਵਿਧਾਨ ਸਭਾ ਹਲਕੇ ਅੰਦਰ ਸਰਨਾ ਤੋਂ ਵਾਇਆ ਫਰੀਦਾਨਗਰ-ਭੀਮਪੁਰ ਜਾਣ ਵਾਲੇ ਮਾਰਗ ਦਾ ਨਿਰਮਾਣ ਕਾਰਜ ਫਰੀਦਾਨਗਰ ਵਿੱਚ ਸ਼ੁਰੂ ਕਰਨ ਲਈ ਪੁੱਜੇ ਹੋਏ ਸਨ। ਇਸ ਮੌਕੇ ਬੀਸੀ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਸੈਣੀ, ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਵਿਕਾਸ ਕੁਮਾਰ, ਸੁਰਿੰਦਰ ਕੁਮਾਰ, ਬਲਦੇਵ ਸਿੰਘ, ਸਰਪੰਚ ਬਲਜੀਤ ਕੌਰ, ਜਗਤਾਰ ਸਿੰਘ, ਰਜਿੰਦਰ ਸਿੰਘ, ਸਤੀਸ਼ ਕੁਮਾਰ, ਕੁਲਜੀਤ ਸਿੰਘ, ਸੰਸਾਰ ਸਿੰਘ, ਜਸਵਿੰਦਰ ਸਿੰਘ ਜੱਗੀ, ਭੁਪਿੰਦਰ ਸਿੰਘ ਅਤੇ ਅੰਕਿਤ ਚੌਧਰੀ ਵੀ ਹਾਜ਼ਰ ਸਨ।
ਮੰਤਰੀ ਨੇ ਕਿਹਾ ਕਿ ਇਹ 12 ਕਿਲੋਮੀਟਰ ਲੰਬੀ ਸੜਕ ਹੈ ਜਿਸ ਵਿੱਚੋਂ 2 ਕਿਲੋਮੀਟਰ ਕੰਕਰੀਟ ਅਤੇ ਬਾਕੀ 10 ਕਿਲੋਮੀਟਰ ਪ੍ਰੀਮਿਕਸ (ਲੁੱਕ) ਵਾਲੀ ਬਣਾਈ ਜਾਵੇਗੀ। ਇਸ ਦੀ ਚੌੜਾਈ ਕਰੀਬ 12.25 ਫੁੱਟ ਹੋਵੇਗੀ ਅਤੇ ਇਸ ਉਪਰ 15.15 ਕਰੋੜ ਰੁਪਏ ਖਰਚ ਆਉਣਗੇ। ਇਸ ਸੜਕ ਦੇ ਬਣ ਜਾਣ ਨਾਲ ਕਰੀਬ 35-40 ਪਿੰਡਾਂ ਨੂੰ ਫਾਇਦਾ ਹੋਵੇਗਾ। ਉਨ੍ਹਾਂ ਪਹਿਲੀਆਂ ਸਰਕਾਰਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਇਹ ਸੜਕ ਕਰੀਬ 20 ਸਾਲ ਪਹਿਲਾਂ ਬਣਾਈ ਗਈ ਸੀ, ਜੋ ਬਹੁਤ ਹੀ ਜਲਦੀ ਟੁੱਟ ਗਈ ਸੀ ਤੇ ਬਾਅਦ ਵਿੱਚ ਕਿਸੇ ਵੀ ਸਰਕਾਰ ਨੇ ਇਸ ਦੀ ਸਾਰ ਨਹੀਂ ਲਈ।