ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 16 ਸਤੰਬਰ
ਕੌਮੀ ਇਨਸਾਫ਼ ਮੋਰਚੇ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਨੂੰਨ ਬਣਾਉਣ, ਬਹਿਬਲ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾ ਅਤੇ ਪੰਜਾਬ ਵਿੱਚੋਂ ਨਸ਼ਿਆਂ ਨੂੰ ਖ਼ਤਮ ਕਰਨ ਸਬੰਧੀ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਤੋਂ ਪੈਦਲ ਮਾਰਚ ਕੀਤਾ ਗਿਆ। ਇਸ ਦੀ ਸ਼ੁਰੂਆਤ ਅਮਰਪ੍ਰੀਤ ਸਿੰਘ ਪੰਜਕੋਹਾ ਨੇ ਅਰਦਾਸ ਕਰ ਕੇ ਕੀਤੀ। ਜਸਵੰਤ ਸਿੰਘ ਸਿੱਧੂਪੁਰ ਨੇ ਦੱਸਿਆ ਕਿ ਇਹ ਰੋਸ ਮਾਰਚ ਜ਼ਿਲ੍ਹਾ ਕੰਪਲੈਕਸ ਪਹੁੰਚਿਆ ਜਿੱਥੇ ਮੁੱਖ ਮੰਤਰੀ ਦੇ ਨਾਮ ਪ੍ਰਸ਼ਸਨ ਰਾਹੀਂ ਮੰਗ ਪੱਤਰ ਦਿੱਤਾ ਗਿਆ। ਮੋਰਚੇ ਦੇ ਕਨਵੀਨਰ ਪਾਲ ਸਿੰਘ ਫਰਾਂਸ ਨੇ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸਾਨੂੰ ਸਿਰ ਜੋੜ ਕੇ ਯਤਨ ਕਰਨਾ ਚਾਹੀਦਾ ਹੈ। ਇਸ ਮੌਕੇ ਕਰਨੈਲ ਸਿੰਘ ਪੰਜੌਲੀ, ਅਮਰਿੰਦਰ ਸਿੰਘ ਲਿਬੜਾ ਤੇ ਜਸਪਾਲ ਸਿੰਘ ਨੇ ਸੰਬੋਧਨ ਕੀਤਾ। ਇਸ ਦੌਰਾਨ ਤਰਲੋਚਨ ਸਿੰਘ ਲਾਲੀ, ਰਾਜਪ੍ਰੀਤ ਕੌਰ ਸ਼ਬਦ ਚੌਂਕੀ, ਹਰਜੀਤ ਕੌਰ ਪ੍ਰਧਾਨ ਸੁਖਮਨੀ ਸੁਸਾਇਟੀ, ਤਜਿੰਦਰ ਸਿੰਘ, ਬਿਕਰਮਜੀਤ ਸਿੰਘ ਮੁਸਕਾਬਾਦ, ਗੁਰਿੰਦਰ ਸਿੰਘ ਬਧੌਛੀ, ਬਲਵਿੰਦਰ ਸਿੰਘ ਬਧੌਛੀ, ਬੂਟਾ ਸਿੰਘ ਪ੍ਰਧਾਨ, ਗੁਰਲਾਲ ਸਿੰਘ ਪ੍ਰਧਾਨ ਮਾਤਾ ਗੁਜਰੀ ਕਾਲਜ, ਨਵਜੋਤ ਸਿੰਘ ਪ੍ਰਧਾਨ ਬੰਦਾ ਸਿੰਘ ਬਹਾਦਰ ਕਾਲਜ ਆਦਿ ਹਾਜ਼ਰ ਸਨ।