ਕਰਮਜੀਤ ਸਿੰਘ ਚਿੱਲਾ
ਐਸਏਐਸ ਨਗਰ(ਮੁਹਾਲੀ), 16 ਸਤੰਬਰ
ਸੁਚੇਤਕ ਰੰਗਮੰਚ ਮੁਹਾਲੀ ਵੱਲੋਂ ਗੁਰਸ਼ਰਨ ਸਿੰਘ ਮੈਮੋਰੀਅਲ ਗੈਲਰੀ ਮੁਹਾਲੀ ਵਿੱਚ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਦਾ ਜਨਮ ਦਿਨ ਮਨਾਇਆ ਗਿਆ। ਸਮਾਗਮ ਦੀ ਪ੍ਰਧਾਨਗੀ ਪੰਜਾਬੀ ਕਹਾਣੀਕਾਰ ਗੁਲਜ਼ਾਰ ਸੰਧੂ ਨੇ ਕੀਤੀ ਤੇ ਗੁਰਸ਼ਰਨ ਭਾਅ ਦੇ ਨਾਟ-ਮੰਚ ਬਾਰੇ ਸੰਖੇਪ ਚਰਚਾ ਸਵੈਰਾਜ ਸਿੰਘ ਸੰਧੂ ਨੇ ਕੀਤੀ।
ਉਨ੍ਹਾਂ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਗੁਲਜ਼ਾਰ ਸਿੰਘ ਸੰਧੂ ਨੇ ਕਿਹਾ ਕਿ ਗੁਰਸ਼ਰਨ ਸਿੰਘ ਦੇ ਰੰਗਮੰਚ ਨੇ ਨਾਟਕ ਲਈ ਸਨਮਾਨ ਪੈਦਾ ਕੀਤਾ ਤੇ ਉਸ ਸਦਕਾ ਪੰਜਾਬੀ ਸਮਾਜ ਦੀ ਸਤਿਕਾਰਤ ਸ਼ਖ਼ਸੀਅਤ ਹੋਣ ਦਾ ਮਾਣ ਹਾਸਲ ਕੀਤਾ। ਬਲਵਿੰਦਰ ਸਿੰਘ ਉੱਤਮ ਨੇ ਕਿਹਾ ਕਿ ਗੁਰਸ਼ਰਨ ਸਿੰਘ ਸਿਰਫ਼ ਨਾਟਕਕਾਰ ਨਹੀਂ ਸਨ; ਉਹ ਮੁਕੰਮਲ ਇਨਕਲਾਬੀ ਸ਼ਖ਼ਸੀਅਤ ਸਨ, ਜਿਨ੍ਹਾਂ ਤੋਂ ਪ੍ਰੇਰਨਾ ਲੈ ਕੇ ਅਸੀਂ ਸਮਾਜ ਵਿੱਚ ਆਪਣੀ ਭੂਮਿਕਾ ਨਿਭਾ ਸਕਦੇ ਹਾਂ। ਉਨ੍ਹਾਂ ਦੀ ਬੇਟੀ ਡਾ. ਅਰੀਤ ਕੌਰ ਨੇ ਕਿਹਾ ਕਿ ਉਨ੍ਹਾਂ ਨੇ ਔਰਤਾਂ ਨੂੰ ਨਾਟਕ ਰਾਹੀਂ ਸਨਮਾਨਤ ਹਸਤੀਆਂ ਬਣਨ ਦੇ ਰਾਹ ਤੋਰਿਆ ਸੀ।
ਅਨੀਤਾ ਸ਼ਬਦੀਸ਼ ਨੇ ਗੁਰਸ਼ਰਨ ਭਾਅ ਜੀ ਨੂੰ ਲੋਕ ਰੰਗਮੰਚ ਨਾਲ ਜੁੜਨ ਤੇ ਲਗਾਤਾਰ ਜੁੜੇ ਰਹਿਣ ਦੀ ਪ੍ਰਤੀਬੱਧਤਾ ਲਈ ਯਾਦ ਕੀਤਾ। ਇਸ ਮੌਕੇ ਸ਼ਾਇਰ ਸੁਰਿੰਦਰ ਗਿੱਲ ਨੇ ਵੀ ਯਾਦਾਂ ਸਾਂਝੀਆਂ ਕੀਤੀਆਂ। ਭਰਤ ਸ਼ਰਮਾ ਨੇ ਉਨ੍ਹਾਂ ਸਦਕਾ ਮਸ਼ਹੂਰ ਹੋਈ ਮਹਿੰਦਰ ਸਾਥੀ ਦੀ ਗ਼ਜ਼ਲ ‘ਮਸ਼ਾਲਾਂ ਬਾਲ ਕੇ ਚੱਲਣਾ, ਜਦੋਂ ਤੱਕ ਰਾਤ ਬਾਕੀ ਹੈ’ ਸੁਣਾ ਕੇ ਬੀਤ ਚੁੱਕੇ ਦਿਨਾਂ ਦੀ ਯਾਦ ਤਾਜ਼ਾ ਕਰਵਾ ਦਿੱਤੀ। ਸਲੀਮ ਸਿਕੰਦਰ ਤੇ ਅਵਨੂਰ ਨੇ ਆਪਣੇ ਸੰਗੀਤਕ ਬੋਲਾਂ ਨਾਲ ਸੰਦੇਸ਼ ਦਿੱਤਾ।