* ਮੁੱਖ ਮੰਤਰੀ ਬਣਨ ਦੀ ਦੌੜ ’ਚ ਆਤਿਸ਼ੀ, ਗੋਪਾਲ ਰਾਏ ਅਤੇ ਕੈਲਾਸ਼ ਗਹਿਲੋਤ ਮੋਹਰੀ
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 16 ਸਤੰਬਰ
‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੇ ਨਵੇਂ ਮੁੱਖ ਮੰਤਰੀ ਦੇ ਨਾਮ ’ਤੇ ਮੋਹਰ ਲਾਉਣ ਲਈ ਅੱਜ ਕਈ ਆਗੂਆਂ ਨਾਲ ਚਰਚਾ ਕੀਤੀ। ਪਾਰਟੀ ਦੇ ਵਿਧਾਇਕਾਂ ਦੀ ਭਲਕੇ ਸਵੇਰੇ ਸਾਢੇ 11 ਵਜੇ ਕੇਜਰੀਵਾਲ ਦੀ ਰਿਹਾਇਸ਼ ’ਤੇ ਮੀਟਿੰਗ ਹੋਵੇਗੀ, ਜਿਸ ’ਚ ਸਰਬਸੰਮਤੀ ਨਾਲ ਕਿਸੇ ਇਕ ਆਗੂ ਨੂੰ ਮੁੱਖ ਮੰਤਰੀ ਚੁਣਿਆ ਜਾ ਸਕਦਾ ਹੈ। ਇਸ ਮਗਰੋਂ ‘ਆਪ’ ਸੁਪਰੀਮੋ ਮੰਗਲਵਾਰ ਸ਼ਾਮ ਸਾਢੇ 4 ਵਜੇ ਲੈਫਟੀਨੈਂਟ ਗਵਰਨਰ (ਐੱਲਜੀ) ਵੀਕੇ ਸਕਸੈਨਾ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਸਕਦੇ ਹਨ। ਪਾਰਟੀ ਸੂਤਰਾਂ ਮੁਤਾਬਕ ਮੁੱਖ ਮੰਤਰੀ ਬਣਨ ਦੀ ਦੌੜ ’ਚ ਆਤਿਸ਼ੀ, ਗੋਪਾਲ ਰਾਏ ਅਤੇ ਕੈਲਾਸ਼ ਗਹਿਲੋਤ ਦੇ ਨਾਮ ਸਭ ਤੋਂ ਅੱਗੇ ਹਨ। ਜ਼ਿਕਰਯੋਗ ਹੈ ਕਿ ਕੇਜਰੀਵਾਲ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਉਹ ਅਗਲੇ 48 ਘੰਟਿਆਂ ’ਚ ਦਿੱਲੀ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਦਿੱਲੀ ’ਚ ਛੇਤੀ ਚੋਣਾਂ ਕਰਵਾਏ ਜਾਣ ਦੀ ਮੰਗ ਕਰਦਿਆਂ ਅਹਿਦ ਲਿਆ ਕਿ ਉਹ ਲੋਕਾਂ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਮਗਰੋਂ ਹੀ ਹੁਣ ਮੁੱਖ ਮੰਤਰੀ ਦੀ ਕੁਰਸੀ ’ਤੇ ਬੈਠਣਗੇ।
‘ਆਪ’ ਆਗੂ ਸੌਰਭ ਭਾਰਦਵਾਜ ਨੇ ਦੱਸਿਆ ਕਿ ਸਿਆਸੀ ਮਾਮਲਿਆਂ ਬਾਰੇ ਕਮੇਟੀ (ਪੀਏਸੀ) ਦੀ ਮੀਟਿੰਗ ਇਥੇ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ’ਤੇ ਹੋਈ, ਜਿਸ ’ਚ ਉਨ੍ਹਾਂ ਹਰੇਕ ਆਗੂ ਤੋਂ ਆਪਣੇ ਬਦਲ ਬਾਰੇ ਫੀਡਬੈਕ ਲਈ। ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਰਦਵਾਜ ਨੇ ਕਿਹਾ ਕਿ ਭਲਕੇ ਵਿਧਾਇਕ ਦਲ ਦੀ ਮੀਟਿੰਗ ਹੋਵੇਗੀ, ਜਿਸ ’ਚ ਨਵੇਂ ਮੁੱਖ ਮੰਤਰੀ ਦੇ ਨਾਮ ਬਾਰੇ ਦੂਜੇ ਗੇੜ ਦਾ ਵਿਚਾਰ ਵਟਾਂਦਰਾ ਹੋਵੇਗਾ। ਪੀਏਸੀ ਦੀ ਮੀਟਿੰਗ ਦੌਰਾਨ ਕੇਜਰੀਵਾਲ ਨੇ ਹਰੇਕ ਆਗੂ ਨਾਲ ਵੱਖੋ ਵੱਖਰੇ ਤੌਰ ’ਤੇ ਮੀਟਿੰਗ ਕੀਤੀ। ਉਨ੍ਹਾਂ ਦਿੱਲੀ ਸਰਕਾਰ ਦੇ ਮੰਤਰੀਆਂ ਨਾਲ ਵੀ ਵਿਚਾਰ ਵਟਾਂਦਰਾ ਕੀਤਾ। ਇਸ ਦੌਰਾਨ ‘ਆਪ’ ਆਗੂ ਸੰਦੀਪ ਪਾਠਕ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੀ ਸੱਤਾ ਪ੍ਰਤੀ ਕੋਈ ਲਾਲਸਾ ਨਹੀਂ ਹੈ ਅਤੇ ਉਹ ਆਪਣੇ ਇੱਜ਼ਤ-ਮਾਣ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਦੇ ਹਨ। ਹਰਿਆਣਾ ਵਿਧਾਨ ਸਭਾ ਚੋਣਾਂ ਬਾਰੇ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਪਾਰਟੀ ਦੇ ਇੰਚਾਰਜਾਂ ਦੀ ਮੀਟਿੰਗ ਹੋਈ ਸੀ ਜਿਸ ਵਿੱਚ ਪ੍ਰਚਾਰ ਬਾਰੇ ਚਰਚਾ ਕੀਤੀ ਗਈ ਸੀ ਅਤੇ ਹੁਣ ਪਿੰਡ-ਪਿੰਡ ਜਾ ਕੇ ਮੁਹਿੰਮ ਚਲਾਈ ਜਾਵੇਗੀ।
ਪਾਰਟੀ ਅੰਦਰ ਕੈਲਾਸ਼ ਗਹਿਲੋਤ ਦੇ ਨਾਮ ’ਤੇ ਚਰਚਾ ਹੋਈ
ਪੀਏਸੀ ਦੀ ਕਰੀਬ ਘੰਟੇ ਤੱਕ ਚੱਲੀ ਮੀਟਿੰਗ ’ਚ ਮਨੀਸ਼ ਸਿਸੋਦੀਆ, ਸੌਰਭ ਭਾਰਦਵਾਜ, ਆਤਿਸ਼ੀ, ਰਾਘਵ ਚੱਢਾ ਅਤੇ ਕੈਲਾਸ਼ ਗਹਿਲੋਤ ਸਮੇਤ ਕਈ ਹੋਰ ਆਗੂ ਮੌਜੂਦ ਸਨ। ਸੂਤਰਾਂ ਮੁਤਾਬਕ ਮੁੱਖ ਮੰਤਰੀ ਅਹੁਦੇ ਲਈ ਕੈਲਾਸ਼ ਗਹਿਲੋਤ ਦਾ ਨਾਂ ਅੱਗੇ ਚੱਲ ਰਿਹਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਧਿਆਨ ’ਚ ਰਖਦਿਆਂ ਉਨ੍ਹਾਂ ਨੂੰ ਮੁੱਖ ਮੰਤਰੀ ਬਣਾਇਆ ਜਾ ਸਕਦਾ ਹੈ। ਕੈਲਾਸ਼ ਗਹਿਲੋਤ ਦੀ ਦਿੱਲੀ ਦੇ ਦਿਹਾਤੀ ਇਲਾਕਿਆਂ ’ਚ ਚੰਗੀ ਸਾਖ ਹੈ ਜਿਥੋਂ ਦੇ ਜ਼ਿਆਦਾਤਰ ਲੋਕ ਕਿਸੇ ਨਾ ਕਿਸੇ ਤਰ੍ਹਾਂ ਹਰਿਆਣਾ ਨਾਲ ਜੁੜੇ ਹੋਏ ਹਨ।