ਬਲਵਿੰਦਰ ਰੈਤ
ਨੂਰਪੁਰ ਬੇਦੀ, 16 ਸਤੰਬਰ
ਰੂਪਨਗਰ ਤੇ ਅਨੰਦਪੁਰ ਸਾਹਿਬ ਹਲਕੇ ਦੇ 200 ਦੇ ਕਰੀਬ ਪਿੰਡਾਂ ਨੂੰ ਨਹਿਰੀ ਪਾਣੀ ਨਾਲ ਜੋੜਨ ਲਈ ਸਮਾਜ ਸੇਵੀ ਆਗੂ ਰਾਣਾ ਕੁਲਦੀਪ ਸਿੰਘ ਰੈਸੜਾ ਦੀ ਅਗਵਾਈ ਵਿੱਚ ਸੰਘਰਸ਼ ਸ਼ੁਰੂ ਕਰ ਦਿੱਤਾ ਹੈ। ਪੰਜਾਬ ਮੋਰਚਾ ਦੇ ਕਨਵੀਨਰ ਗੌਰਵ ਰਾਣਾ ਤੇ ਡਾ. ਦਵਿੰਦਰ ਬਜਾੜ ਨੂੰ ਇਕੱਠ ਵੱਲੋਂ ਅੰਦੋਲਨ ਦੀ ਵਿਉਂਤਬੰਦੀ ਤੈਅ ਕਰਨ ਦੇ ਅਧਿਕਾਰ ਦਿੱਤੇ ਗਏ। ਦੋਵਾਂ ਆਗੂਆਂ ਨੇ ਕਿਹਾ ਕਿ 70 ਦੇ ਕਰੀਬ ਪਿੰਡਾਂ ਦੀਆਂ ਪੰਚਾਇਤਾਂ ਦੇ ਮਤੇ ਤਿੰਨ ਸਾਲ ਪਹਿਲਾਂ ਸਰਕਾਰਾਂ ਨੂੰ ਭੇਜੇ ਹੋਏ ਹਨ ਤੇ ਸਰਵੇ ਵੀ ਕਰਵਾਇਆ ਗਿਆ। ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਨੂੰ ਕਿਹਾ ਕਿ ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ। ਇਹ ਅੰਦੋਲਨ ਨੰਗਲ ਦੇ 50 ਦੇ ਕਰੀਬ ਪਿੰਡਾਂ ਦੇ ਨਾਲ-ਨਾਲ ਰੂਪਨਗਰ ਵਿੱਚ ਪਹਿਲੀ ਕੜੀ ਵਿੱਚ ਚੱਲੇਗਾ।
ਇਸ ਮੌਕੇ ਸਰਪੰਚ ਨੀਰਜ ਰਾਣਾ, ਮਲਕੀਤ ਸਿੰਘ, ਲਾਲਾ ਹਰੀ ਕਿਸ਼ਨ ਰੈਸੜਾ, ਗੁਰਮੀਤ ਸਿੰਘ, ਸਮਿਤੀ ਮੈਂਬਰ ਚੌਧਰੀ ਨੰਦ ਲਾਲ, ਕਸ਼ਮੀਰ ਸਿੰਘ ਨੰਗਲੀ, ਰਾਣਾ ਉਪਿੰਦਰ ਸਿੰਘ, ਕਸ਼ਮੀਰ ਸਿੰਘ ਰੈਸੜਾ, ਸੁਰਿੰਦਰ ਸ਼ਰਮਾ ਆਦਿ ਹਾਜ਼ਰ ਸਨ।