ਨਵਕਿਰਨ ਸਿੰਘ
ਮਹਿਲ ਕਲਾਂ, 16 ਸਤੰਬਰ
ਮਹਿਲ ਕਲਾਂ ਇਲਾਕੇ ਦੇ ਨੌਜਵਾਨਾਂ ਵੱਲੋਂ ਸਿਹਤਮੰਦ ਸਮਾਜ ਅਤੇ ਨਸ਼ਾ ਮੁਕਤ ਪੰਜਾਬ ਸਿਰਜਣ ਦੇ ਮੰਤਵ ਨਾਲ ਸ਼ੁਰੂ ਕੀਤੀ ਸਾਈਕਲਿੰਗ ਮੁਹਿੰਮ ਤਹਿਤ 46 ਕਿੱਲੋਮੀਟਰ ਸਾਇਕਲਿੰਗ ਕੀਤੀ ਗਈ। ਇਸ ਦੌਰਾਨ ਸੈਂਕੜੇ ਨੌਜਵਾਨਾਂ ਨੇ ਜ਼ੋਸ਼ੋ ਖਰੋਸ਼ ਨਾਲ ਭਾਗ ਲੈਂਦਿਆਂ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਸਾਈਕਲ ਚਲਾਉਣ ਦਾ ਸੱਦਾ ਦਿੱਤਾ। ਖੇਡ ਗਰਾਊਂਡ ਮਹਿਲ ਕਲਾਂ ਤੋਂ ਕੋਚ ਅਰਸ਼ਦੀਪ ਸਿੰਘ ਅਤੇ ਗੁਰਪ੍ਰੀਤ ਸਿੰਘ ਅਣਖੀ ਦੀ ਅਗਵਾਈ ਹੇਠ ਦਰਜ਼ਨਾਂ ਨੌਜਵਾਨਾਂ ਵੱਲੋਂ ਸ਼ੁਰੂ ਕੀਤੀ ਇਹ ਸਾਈਕਲ ਰੇਸ ਕਈ ਪਿੰਡਾਂ ਵਿੱਚੋਂ ਦੀ ਲੰਘੀ। ਇਸ ਸਾਈਕਲਿੰਗ ’ਚ ਨੌਜਵਾਨਾਂ ਦੇ ਨਾਲ-ਨਾਲ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਵੀ ਸਾਈਕਲਾਂ ਰਾਹੀਂ 46 ਕਿੱਲੋਮੀਟਰ ਦਾ ਪੈਂਡਾ ਤੈਅ ਕੀਤਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਸੇਵਾ ਮੁਕਤ ਆਈਜੀ ਗੁਰਪ੍ਰੀਤ ਸਿੰਘ ਤੂਰ ਨੇ ਨੌਜਵਾਨਾਂ ਨਾਲ ਸਾਈਕਲ ਚਲਾ ਕੇ ਉਨ੍ਹਾਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਨੌਜਵਾਨਾਂ ਨੂੰ ਖੇਡ ਗਰਾਊਂਡਾ ਨਾਲ ਜੁੜਣ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰਬੰਧਕਾਂ ਨੇ ਕਿਹਾ ਕਿ ਉਹਨਾਂ ਦਾ ਮੰਤਵ ਇਹ ਹੈ ਕਿ ਅੱਜ-ਕੱਲ੍ਹ ਨੌਜਵਾਨਾਂ ਵੱਲੋਂ ਮੋਬਾਈਲ ਫੋਨ ਦੀ ਬੇਲੋੜੀ ਵਰਤੋਂ ਨੇ ਨੌਜਵਾਨਾਂ ਦੇ ਇਕ ਹਿੱਸੇ ਨੂੰ ਖੇਡ ਗਰਾਊਂਡ ਤੋਂ ਦੂਰ ਕਰ ਦਿੱਤਾ ਹੈ। ਅਜਿਹੀ ਸਾਈਕਲਿੰਗ ਆਯੋਜਤ ਕਰਨ ਦਾ ਮੰਤਵ ਨੌਜਵਾਨਾਂ ਨੂੰ ਸਾਈਕਲ ਚਲਾਉਣ ਲਈ ਉਤਸ਼ਾਹਿਤ ਕਰਨਾ ਅਤੇ ਖੇਡ ਗਰਾਊਂਡ ਨਾਲ ਜੋੜਨਾ ਹੈ। ਇਸ ਮੌਕੇ ਸੰਤਾ ਸਿੰਘ ਰਾਹਲ ਯਾਦਗਾਰੀ ਟਰੱਸਟ ਮਹਿਲ ਕਲਾਂ ਵਲੋਂ ਨੌਜਵਾਨਾਂ ਨੂੰ 200 ਬੂਟੇ ਵੰਡਣ ਤੋਂ ਇਲਾਵਾ ਦੁੱਧ ਦਾ ਲੰਗਰ ਲਾਇਆ ਗਿਆ। ਦੁਕਾਨਦਾਰ ਜਗਦੀਸ਼ ਸਿੰਘ ਪੰਨੂੰ ਵੱਲੋਂ ਨੌਜਵਾਨਾਂ ਲਈ ਫ਼ਲਾਂ ਦੀ ਸੇਵਾ ਨਿਭਾਈ ਗਈ।