ਜਗਤਾਰ ਸਮਾਲਸਰ
ਏਲਨਾਬਾਦ, 16 ਸਤੰਬਰ
ਰਾਜਨੀਤੀ ਵਿੱਚ ਕਦੋਂ ਕੀ ਸਿਆਸੀ ਧਮਾਕਾ ਹੋ ਜਾਵੇ ਇਸਦਾ ਅਨੁਮਾਨ ਕੋਈ ਨਹੀਂ ਲਗਾ ਸਕਦਾ। ਪਿਛਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦਾ ਵਿਰੋਧ ਕਰਨ ਵਾਲੀ ਜਜਪਾ ਵੱਲੋਂ ਬਾਅਦ ਵਿੱਚ ਭਾਜਪਾ ਨੂੰ ਸਮੱਰਥਨ ਦੇ ਕੇ ਸਰਕਾਰ ਵਿੱਚ ਹਿੱਸੇਦਾਰੀ ਬਣਾਈ ਗਈ ਸੀ। ਰਾਣੀਆਂ ਵਿਧਾਨ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਜਿੱਤੇ ਰਣਜੀਤ ਸਿੰਘ ਚੌਟਾਲਾ ਨੇ ਵੀ ਭਾਜਪਾ ਸਰਕਾਰ ਵਿੱਚ ਸੱਤਾ ਸੁੱਖ ਭੋਗਿਆ।
ਸਾਲ 2021 ਵਿੱਚ ਏਲਨਾਬਾਦ ਵਿਧਾਨ ਸਭਾ ਸੀਟ ’ਤੇ ਹੋਈ ਜ਼ਿਮਨੀ ਚੋਣ ਦੌਰਾਨ ਇੱਕ ਦੂਜੇ ਦੇ ਵਿਰੁੱਧ ਚੋਣ ਲੜੇ ਅਭੈ ਸਿੰਘ ਚੌਟਾਲਾ ਅਤੇ ਗੋਬਿੰਦ ਕਾਂਡਾ ਹੁਣ ਇਨ੍ਹਾਂ ਵਿਧਾਨ ਸਭਾ ਚੋਣਾਂ ਵਿੱਚ ਇੱਕ ਦੂਸਰੇ ਦੇ ਸਮਰਥਨ ਨਾਲ ਚੋਣ ਲੜਨ ਦਾ ਐਲਾਨ ਕਰ ਚੁੱਕੇ ਹਨ। ਸਾਲ 2019 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਸ ਸੀਟ ਤੇ ਇਨੈਲੋ ਦੇ ਅਭੈ ਸਿੰਘ ਚੌਟਾਲਾ ਨੇ ਭਾਜਪਾ ਦੇ ਪਵਨ ਬੈਨੀਵਾਲ ਨੂੰ ਹਰਾ ਕੇ ਚੋਣ ਜਿੱਤੀ ਸੀ। ਉਸ ਸਮੇਂ ਅਭੈ ਸਿੰਘ ਚੌਟਾਲਾ ਨੂੰ 57,055 ਵੋਟ ਮਿਲੇ ਸਨ ਜਦੋਂਕਿ ਭਾਜਪਾ ਦੇ ਪਵਨ ਬੈਨੀਵਾਲ ਨੂੰ 45133 ਵੋਟ ਮਿਲੇ ਸਨ ਪਰ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਜੋਂ ਅਭੈ ਸਿੰਘ ਚੌਟਾਲਾ ਨੇ ਇਸ ਸੀਟ ਤੋਂ ਆਪਣਾ ਅਸਤੀਫ਼ਾ ਦੇ ਦਿੱਤਾ ਸੀ, ਜਿਸ ਕਾਰਨ ਇੱਥੇ ਸਾਲ 2021 ਵਿੱਚ ਜ਼ਿਮਨੀ ਚੋਣ ਹੋਈ ਤਾਂ ਉਸ ਸਮੇਂ ਭਾਜਪਾ ਵੱਲੋਂ ਇੱਥੋਂ ਗੋਬਿੰਦ ਕਾਂਡਾ ਨੂੰ ਆਪਣਾ ਉਮੀਦਵਾਰ ਬਣਾਇਆ ਗਿਆ ਸੀ। ਉਸ ਸਮੇਂ ਇਨੈਲੋ ਵੱਲੋਂ ਇਹ ਚੋਣ ਕਿਸਾਨ ਹਿਤੈਸ਼ੀ (ਅਭੈ ਚੌਟਾਲਾ) ਅਤੇ ਕਿਸਾਨ ਵਿਰੋਧੀ (ਗੋਬਿੰਦ ਕਾਂਡਾ) ਦਾ ਮੁੱਦਾ ਬਣਾ ਕੇ ਲੜੀ ਗਈ ਸੀ। ਇਸ ਜ਼ਿਮਨੀ ਚੋਣ ਦੌਰਾਨ ਇਨੈਲੋ ਵਰਕਰਾਂ ਵੱਲੋਂ ਗੋਬਿੰਦ ਕਾਂਡਾ ਦਾ ਕਾਲੇ ਝੰਡਿਆਂ ਨਾਲ ਅਨੇਕ ਥਾਵਾਂ ’ਤੇ ਵਿਰੋਧ ਵੀ ਕੀਤਾ ਗਿਆ ਸੀ। ਇਸ ਜ਼ਿਮਨੀ ਚੋਣ ਵਿੱਚ ਇਨੈਲੋ ਉਮੀਦਵਾਰ ਅਭੈ ਸਿੰਘ ਚੌਟਾਲਾ ਨੂੰ 65992 ਵੋਟ ਹਾਸਲ ਹੋਏ ਸਨ ਜਦੋਂ ਕਿ ਕਿਸਾਨ ਅੰਦੋਲਨ ਦੇ ਵਿਰੋਧ ਦੇ ਚੱਲਦਿਆ ਵੀ ਭਾਜਪਾ ਉਮੀਦਵਾਰ ਗੋਬਿੰਦ ਕਾਂਡਾ ਨੇ ਅਭੈ ਸਿੰਘ ਚੌਟਾਲਾ ਨੂੰ ਤੱਕੜੀ ਟੱਕਰ ਦਿੰਦਿਆ 59,253 ਵੋਟ ਹਾਸਲ ਕੀਤੇ ਸਨ।
ਸਾਲ 2021 ਦੀ ਜ਼ਿਮਨੀ ਚੋਣ ਵਿੱਚ ਇੱਕ-ਦੂਜੇ ਦੇ ਕੱਟੜ ਵਿਰੋਧੀ ਰਹੇ ਅਭੈ ਚੌਟਾਲਾ ਅਤੇ ਕਾਂਡਾ ਭਰਾ (ਗੋਪਾਲ ਕਾਂਡਾ ਅਤੇ ਗੋਬਿੰਦ ਕਾਂਡਾ) ਇਸ ਵਾਰ ਰਲ ਕੇ ਚੋਣਾਂ ਲੜ ਰਹੇ ਹਨ। ਜਿਸ ਤੋਂ ਸਪੱਸ਼ਟ ਹੈ ਕਿ ਸਾਲ 2021 ਦੀ ਜ਼ਿਮਨੀ ਚੋਣ ਵਿੱਚ ਗੋਬਿੰਦ ਕਾਂਡਾ ਦੇ ਖ਼ਿਲਾਫ਼ ਝੰਡਾ ਚੁੱਕਣ ਵਾਲੇ ਇਨੈਲੋ ਵਰਕਰ ਇਸ ਵਾਰ ਗੋਬਿੰਦ ਕਾਂਡਾ ਦਾ ਝੰਡਾ ਝੁਲਾਉਂਦੇ ਨਜ਼ਰ ਆਉਣਗੇ। ਇਸੇ ਤਰ੍ਹਾਂ 2019 ਦੀਆਂ ਚੋਣਾਂ ਦੌਰਾਨ ਅਭੈ ਚੌਟਾਲਾ ਦੇ ਖ਼ਿਲਾਫ਼ ਚੋਣ ਲੜਨ ਵਾਲੇ ਪਵਨ ਬੈਨੀਵਾਲ ਵੀ ਹੁਣ ਇਨੈਲੋ ਵਿੱਚ ਸ਼ਾਮਲ ਹੋ ਚੁੱਕੇ ਹਨ।