ਨਿੱਜੀ ਪੱਤਰ ਪ੍ਰੇਰਕ
ਖੰਨਾ, 16 ਸਤੰਬਰ
ਇੱਥੇ ਇੱਕ ਬਾਬੇ ਦੇ ਪਹਿਰਾਵੇ ਵਿੱਚ ਇੱਕ ਠੱਗ ਗਰੋਹ ਵਪਾਰੀ ਤੋਂ ਪੰਜ ਤੋਲੇ ਸੋਨੇ ਦੇ ਗਹਿਣੇ ਅਤੇ 20 ਹਜ਼ਾਰ ਰੁਪਏ ਦੀ ਨਕਦੀ ਖੋਹ ਕੇ ਫਰਾਰ ਹੋ ਗਏ। ਮੁਲਜ਼ਮ ਪੁਲੀਸ ਦੀ ਗ੍ਰਿਫਤ ਤੋਂ ਬਾਹਰ ਹਨ। ਪੀੜਤ ਵਪਾਰੀ ਪ੍ਰਦੀਪ ਭਾਰਦਵਾਜ ਵਾਸੀ ਨਰੋਤਮ ਨਗਰ ਖੰਨਾ ਨੇ ਦੱਸਿਆ ਕਿ ਉਹ ਸਵੇਰੇ ਰੋਜ਼ਾਨਾ ਵਾਂਗ ਗੱਡੀ ਵਿੱਚ ਮੰਡੀ ਗੋਬਿੰਦਗੜ੍ਹ ਜਾ ਰਿਹਾ ਸੀ ਕਿ ਕਾਰ ਦੀ ਤਾਕੀ ਖੋਲ੍ਹਦਿਆਂ ਇੱਕ ਵਿਅਕਤੀ ਆਇਆ ਜਿਸ ਨੇ ਉਸ ਤੋਂ ਨੇੜੇ ਹੀ ਸਥਿਤ ਇੱਕ ਗੁਰਦੁਆਰਾ ਸਾਹਿਬ ਬਾਰੇ ਜਾਣਕਾਰੀ ਮੰਗੀ। ਉਸ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਆਇਆ ਹੈ ਅਤੇ ਉਸ ਦੀ ਗੁਰਦੁਆਰਾ ਸਾਹਿਬ ਵਿਖੇ ਕਾਰ ਸੇਵਾ ਦੀ ਡਿਊਟੀ ਲੱਗੀ ਹੈ। ਜਦੋਂ ਪ੍ਰਦੀਪ ਭਾਰਦਵਾਜ ਉਸ ਨੂੰ ਰਸਤਾ ਦੱਸ ਕੇ ਆਪਣੀ ਕਾਰ ਸਟਾਰਟ ਕੀਤੀ ਤਾਂ ਇਸ ਦੌਰਾਨ ਮੋਟਰਸਾਈਕਲ ’ਤੇ ਇੱਕ ਵਿਅਕਤੀ ਤੇ ਇੱਕ ਔਰਤ ਆਏ ਜਿਨ੍ਹਾਂ ਉਸ ਨੂੰ ਪੁੱਛਿਆ ਕਿ ਕੀ ਉਹ ਇਸ ਬਾਬੇ ਨੂੰ ਜਾਣਦੇ ਹਨ ਤਾਂ ਉਸ ਨੇ ਕਿਹਾ ਕਿ ਉਹ ਉਸ ਨੂੰ ਪਹਿਲੀ ਵਾਰ ਮਿਲਿਆ ਹੈ। ਗਰੋਹ ਦੇ ਮੈਂਬਰਾਂ ਨੇ ਕਿਹਾ ਕਿ ਇਨ੍ਹਾਂ ਨੇ ਉਨ੍ਹਾਂ ਦੀ ਜ਼ਿੰਦਗੀ ਬਦਲ ਦਿੱਤੀ ਹੈ। ਇਸ ਦੌਰਾਨ ਉਸ ਬਾਬੇ ਨੇ ਉਸ ਨੂੰ ਸੋਨੇ ਦਾ ਬਰੈਸਲੇਟ ਅਤੇ 20 ਹਜ਼ਾਰ ਰੁਪਏ ਰੱਖਣ ਲਈ ਰੁਮਾਲ ਦਿੱਤਾ ਜਿਸ ’ਤੇ ਉਸ ਨੇ ਸਾਰਾ ਸਾਮਾਨ ਰੱਖ ਦਿੱਤਾ, ਜਿਸ ਉਪਰੰਤ ਨੌਸਰਬਾਜ਼ ਰੁਮਾਲ ਵਾਪਸ ਦੇ ਕੇ ਚਲੇ ਗਏ। ਜਦੋਂ ਉਸ ਨੇ ਗੋਬਿੰਦਗੜ੍ਹ ਜਾ ਕੇ ਦੇਖਿਆ ਤਾਂ ਰੁਮਾਲ ਵਿੱਚੋਂ ਸਾਮਾਨ ਗਾਇਬ ਸੀ। ਥਾਣਾ ਸਿਟੀ-1 ਦੀ ਪੁਲੀਸ ਨੇ ਕੇਸ ਦਰਜ ਕਰ ਕੇ ਕਥਿਤ ਦੋਸ਼ੀਆਂ ਦੀ ਭਾਲ ਲਈ ਸੀਸੀਟੀਵੀ ਕੈਮਰੇ ਦੇਖਣੇ ਆਰੰਭ ਕਰ ਦਿੱਤੇ ਹਨ।