ਜੈਪੁਰ/ਨਵੀਂ ਦਿੱਲੀ, 16 ਸਤੰਬਰ
ਰਾਸ਼ਟਰੀ ਸਵੈਮਸੇਵਕ ਸੰਘ ਦੇ ਮੁਖੀ ਡਾ. ਮੋਹਨ ਭਾਗਵਤ ਨੇ ਅੱਜ ਅਲਵਰ ਵਿੱਚ ਸੰਗਠਨਾਤਮਕ ਮੀਟਿੰਗ ਕੀਤੀ ਅਤੇ ਸੰਗਠਨ ਨੂੰ ਮਜ਼ਬੂਤ ਕਰਨ ਸਬੰਧੀ ਆਪਣੇ ਉਪਰਾਲਿਆਂ ਤਹਿਤ ਪ੍ਰਚਾਰਕਾਂ ਕੋਲੋਂ ਜਾਣਕਾਰੀ ਹਾਸਲ ਕੀਤੀ। ਬਿਆਨ ਮੁਤਾਬਕ ਭਾਗਵਤ ਨੇ ਦੋ ਸੈਸ਼ਨਾਂ ਵਿੱਚ ਸੰਘ ਦੇ ਕੰਮ ਬਾਰੇ ਪ੍ਰਚਾਰਕਾਂ ਕੋਲੋਂ ਜਾਣਕਾਰੀ ਹਾਸਲ ਕੀਤੀ ਅਤੇ ਸੰਗਠਨ ਦੇ ਸ਼ਤਾਬਦੀ ਵਰ੍ਹੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੰਮ ਨੂੰ ਵਧਾਉਣ ਤੇ ਸੰਗਠਨ ਨੂੰ ਮਜ਼ਬੂਤ ਕਰਨ ਸਬੰਧੀ ਮਾਰਗ ਦਰਸ਼ਨ ਕੀਤਾ। ਭਾਗਵਤ ਮੰਗਲਵਾਰ ਨੂੰ ਬਾਲਨਾਥ ਆਸ਼ਰਮ ਵਿੱਚ ਸ੍ਰੀ ਮਹਾਮ੍ਰਿਤੰੁਜਯ ਮਹਾਯੱਗ ਵਿੱਚ ਸ਼ਾਮਲ ਹੋਣਗੇ। ਉੱਥੇ ਉਹ ਬੂਟੇ ਵੀ ਲਾਉਣਗੇ। ਸੰਘ ਦੇ ਸੂਬਾ ਪੱਧਰੀ ਕਾਰਕੁਨਾਂ ਨਾਲ ਮੀਟਿੰਗ ਕਰਨ ਤੋਂ ਬਾਅਦ ਉਹ ਅਲਵਰ ਤੋਂ ਦਿੱਲੀ ਲਈ ਰਵਾਨਾ ਹੋਣਗੇ। ਵਣਵਾਸੀ ਕਲਿਆਣ ਆਸ਼ਰਮ ਦੇ ਮੀਡੀਆ ਸੰਚਾਰ ਮੁਖੀ ਪ੍ਰਮੋਦ ਪੇਤਕਰ ਨੇ ਦੱਸਿਆ ਕਿ ਭਾਗਵਤ ਸ਼ੁੱਕਰਵਾਰ ਨੂੰ ਹਰਿਆਣਾ ਦੇ ਸਮਾਲਖਾ ਵਿੱਚ ਅਖਿਲ ਭਾਰਤੀ ਵਣਵਾਸੀ ਕਲਿਆਣ ਆਸ਼ਰਮ ਦੀ ਕੌਮੀ ਕਾਨਫਰੰਸ ਵਿੱਚ ਸ਼ਾਮਲ ਹੋਣਗੇ। -ਪੀਟੀਆਈ
ਇਸਰੋ ਦੇ ਸਾਬਕਾ ਮੁਖੀ ਰਾਧਾਕ੍ਰਿਸ਼ਨਨ ਆਰਐੱਸਐੱਸ ਦੇ ‘ਵਿਜੈਦਸ਼ਮੀ’ ਸਮਾਰੋਹ ’ਚ ਹੋਣਗੇ ਮੁੱਖ ਮਹਿਮਾਨ
ਨਾਗਪੁਰ:
ਭਾਰਤੀ ਪੁਲਾੜ ਖੋਜ ਸੰਸਥਾ (ਇਸਰੋ) ਦੇ ਸਾਬਕਾ ਮੁਖੀ ਕੇ. ਰਾਧਾਕ੍ਰਿਸ਼ਨਨ 12 ਅਕਤੂਬਰ ਨੂੰ ਨਾਗਪੁਰ ਵਿੱਚ ਰਾਸ਼ਟਰੀ ਸਵੈਮਸੇਵਕ ਸੰਘ (ਆਰਐੱਸਐੱਸ) ਦੇ ਸਾਲਾਨਾ ‘ਵਿਜੈਦਸ਼ਮੀ’ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ। ਇਹ ਜਾਣਕਾਰੀ ਆਰਐੱਸਐੱਸ ਨੇ ਅੱਜ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਪੋਸਟ ਰਾਹੀਂ ਦਿੱਤੀ। -ਪੀਟੀਆਈ