ਪੁਣੇ, 16 ਸਤੰਬਰ
ਰਾਸ਼ਟਰਵਾਦੀ ਕਾਂਗਰਸ ਪਾਰਟੀ (ਸ਼ਰਦਚੰਦਰ ਪਵਾਰ) ਦੇ ਮੁਖੀ ਸ਼ਰਦ ਪਵਾਰ ਨੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੂੰ ਪੱਤਰ ਲਿਖ ਕੇ ਮਹਾਰਾਸ਼ਟਰ ਲੋਕ ਸੇਵਾ ਕਮਿਸ਼ਨ (ਐੱਮਪੀਐੱਸਸੀ) ਦੇ ਉਮੀਦਵਾਰਾਂ ਦੀਆਂ ਮੰਗਾਂ ਦਾ ਹੱਲ ਕਰਨ ਲਈ ਮੀਟਿੰਗ ਸੱਦਣ ਦੀ ਅਪੀਲ ਕੀਤੀ ਹੈ। ਪਵਾਰ ਨੇ ਕਿਹਾ ਕਿ ਇਸ ਮੁੱਦੇ ’ਤੇ ਚਰਚਾ ਕਰਨ ਲਈ ਉਨ੍ਹਾਂ ਨੂੰ ਅਜੇ ਤੱਕ ਮੁੱਖ ਮੰਤਰੀ ਨੂੰ ਮਿਲਣ ਦਾ ਸਮਾਂ ਨਹੀਂ ਮਿਲਿਆ ਹੈ। ਇਨ੍ਹਾਂ ਉਮੀਦਵਾਰਾਂ ਨੇ ਪਿਛਲੇ ਮਹੀਨੇ ਪੁਣੇ ਵਿੱਚ ਪ੍ਰਦਰਸ਼ਨ ਕੀਤਾ ਸੀ, ਕਿਉਂਕਿ ਭਾਰਤੀ ਬੈਂਕਿੰਗ ਕਰਮਚਾਰੀ ਚੋਣ (ਆਈਬੀਪੀਐੱਸ) ਪ੍ਰੀਖਿਆ ਅਤੇ ਮਹਾਰਾਸ਼ਟਰ ਗਜ਼ਟਿਡ ਸਿਵਲ ਸੇਵਾ ਸੰਯੁਕਤ ਸ਼ੁਰੂਆਤੀ ਪ੍ਰੀਖਿਆ ਦੀਆਂ ਤਰੀਕਾਂ ਇਕ-ਦੂਜੇ ਨਾਲ ਮੇਲ ਖਾ ਰਹੀਆਂ ਸਨ। ਦੋਵੇਂ ਪ੍ਰੀਖਿਆਵਾਂ 25 ਅਗਸਤ ਨੂੰ ਨਿਰਧਾਰਤ ਸਨ। ਉਮੀਦਵਾਰਾਂ ਨੇ ਮਹਾਰਾਸ਼ਟਰ ਗਜ਼ਟਿਡ ਸਿਵਲ ਸੇਵਾ ਸਾਂਝੀ ਸ਼ੁਰੂਆਤੀ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਕੀਤੀ ਸੀ। ਉਨ੍ਹਾਂ ਖੇਤੀਬਾੜੀ ਵਿਭਾਗ ਦੇ 258 ਅਹੁਦਿਆਂ ਨੂੰ ਵੀ ਨਵੀਂ ਐੱਮਪੀਐੱਸਸੀ ਸ਼ੁਰੂਆਤੀ ਪ੍ਰੀਖਿਆ ਦੇ ਦਾਇਰੇ ਵਿੱਚ ਲਿਆਉਣ ਦੀ ਮੰਗ ਕੀਤੀ ਸੀ। ਉਸ ਸਮੇਂ ਪਵਾਰ ਨੇ ਕਿਹਾ ਸੀ ਕਿ ਜੇਕਰ ਸਰਕਾਰ ਇਸ ਮੁੱਦੇ ਨੂੰ ਹੱਲ ਕਰਨ ਵਿੱਚ ਅਸਫ਼ਲ ਰਹੀ ਤਾਂ ਉਹ ਸੰਘਰਸ਼ ਵਿੱਚ ਸ਼ਾਮਲ ਹੋਣਗੇ। ਐੱਮਪੀਐੱਸਸੀ ਨੇ ਬਾਅਦ ਵਿੱਚ ਪ੍ਰੀਖਿਆ ਮੁਲਤਵੀ ਕਰ ਦਿੱਤੀ ਸੀ ਅਤੇ ਕਿਹਾ ਸੀ ਕਿ ਉਹ ਜਲਦੀ ਹੀ ਨਵੀਆਂ ਤਰੀਕਾਂ ਦਾ ਐਲਾਨ ਕਰੇਗਾ। -ਪੀਟੀਆਈ