ਨਵੀਂ ਦਿੱਲੀ, 16 ਸਤੰਬਰ
ਕਾਂਗਰਸ ਦੇ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਦੋਸ਼ ਲਾਇਆ ਕਿ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ ਘਟਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਤੇਲ ਕੀਮਤਾਂ ਵਿੱਚ ਲੁੱਟ ਮਚਾਈ ਹੋਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਸੂਬਿਆਂ ਵਿੱਚ ਚੋਣਾਂ ਹੋ ਰਹੀਆਂ ਹਨ ਉੱਥੋਂ ਦੇ ਲੋਕ ਮੋਦੀ ਪ੍ਰੇਰਿਤ ਮਹਿੰਗਾਈ ਨੂੰ ਰੱਦ ਕਰ ਕੇ ਭਾਜਪਾ ਨੂੰ ਹਾਰ ਦਾ ਮੂੰਹ ਦਿਖਾਉਣਗੇ।
ਖੜਗੇ ਨੇ ਕਿਹਾ ਕਿ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੀਆਂ ਕੀਮਤਾਂ 32.5 ਫੀਸਦ ਤੱਕ ਘਟਣ ਦੇ ਬਾਵਜੂਦ ਭਾਜਪਾ ਵੱਲੋਂ ਤੇਲ ਕੀਮਤਾਂ ਰਾਹੀਂ ਲੁੱਟ ਜਾਰੀ ਹੈ। ਕਾਂਗਰਸ ਪ੍ਰਧਾਨ ਨੇ ‘ਐਕਸ’ ਉੱਤੇ ਪਾਈ ਪੋਸਟ ਵਿੱਚ ਕਿਹਾ, ‘ਚੋਣਾਂ ਵਾਲੇ ਸੂਬਿਆਂ ਦੇ ਲੋਕ ਮੋਦੀ ਪ੍ਰੇਰਿਤ ਮਹਿੰਗਾਈ ਨੂੰ ਰੱਦ ਕਰ ਕੇ ਭਾਜਪਾ ਨੂੰ ਹਰਾਉਣਗੇ।’ ਉਨ੍ਹਾਂ ਕਿਹਾ, ‘16 ਮਈ 2024 (ਦਿੱਲੀ) ਕੱਚੇ ਤੇਲ ਦੀ ਕੀਮਤ 107.49 ਅਮਰੀਕੀ ਡਾਲਰ ਪ੍ਰਤੀ ਬੈਰਲ ਸੀ ਅਤੇ ਭਾਰਤ ’ਚ ਪੈਟਰੋਲ 71.51 ਰੁਪਏ ਲਿਟਰ ਤੇ ਡੀਜ਼ਲ 57.28 ਰੁਪਏ ਲਿਟਰ ਸੀ। 16 ਸਤੰਬਰ 2024 ਨੂੰ ਕੱਚੇ ਤੇਲ ਦੀ ਕੀਮਤ 72.48 ਅਮਰੀਕੀ ਡਾਲਰ ਪ੍ਰਤੀ ਬੈਰਲ ਹੈ, ਜਦਕਿ ਪੈਟਰੋਲ ਦੀ ਕੀਮਤ 94.72 ਰੁਪਏ ਲਿਟਰ ਅਤੇ ਡੀਜ਼ਲ ਦੀ ਕੀਮਤ 87.62 ਰੁਪਏ ਲਿਟਰ ਹੈ।’ ਖੜਗੇ ਨੇ ਕਿਹਾ, ‘ਆਦਰਸ਼ਕ ਤੌਰ ’ਤੇ ਕੱਚੇ ਤੇਲ ਦੀਆਂ ਮੌਜੂਦਾ ਕੀਮਤਾਂ ਮੁਤਾਬਕ ਭਾਰਤ ’ਚ ਪੈਟਰੋਲ ਦੀ ਕੀਮਤ 48.27 ਰੁਪਏ ਲਿਟਰ ਅਤੇ ਡੀਜ਼ਲ ਦੀ 69 ਰੁਪਏ ਲਿਟਰ ਹੋਣੀ ਚਾਹੀਦੀ ਹੈ। ਕੋਈ ਹੈਰਾਨੀ ਨਹੀਂ, 10 ਸਾਲ ਤੇ 100 ਦਿਨ ਵਿੱਚ ਮੋਦੀ ਸਰਕਾਰ ਨੇ ਪੈਟਰੋਲ-ਡੀਜ਼ਲ ’ਤੇ ਵਾਧੂ ਟੈਕਸ ਲਗਾ ਕੇ ਲੋਕਾਂ ਕੋਲੋਂ 35 ਲੱਖ ਕਰੋੜ ਰੁਪਏ ਲੁੱਟੇ।’ -ਪੀਟੀਆਈ