ਪੱਤਰ ਪ੍ਰੇਰਕ
ਚੰਡੀਗੜ੍ਹ, 16 ਸਤੰਬਰ
ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵਿੱਚ ਦਰਜਨ ਤੋਂ ਵੱਧ ਸੀਡੀਪੀਓ (ਬਾਲ ਵਿਕਾਸ ਪ੍ਰਾਜੈਕਟ ਅਫ਼ਸਰ) ਨਾ ਹੋਣ ਕਰਕੇ ਉਥੋਂ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਣ ਭੱਤਾ ਨਹੀਂ ਮਿਲ ਰਿਹਾ। ਲਗਪਗ ਤਿੰਨ ਮਹੀਨਿਆਂ ਤੋਂ ਇਹੀ ਹਾਲ ਹੈ ਕਿਉਂਕਿ ਸੀਡੀਪੀਓ ਦੇ ਦਸਤਖ਼ਤਾਂ ਤੋਂ ਬਗੈਰ ਮਾਣ ਭੱਤਾ ਨਹੀਂ ਨਿਕਲਦਾ। ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਸਰਕਾਰ ਨੇ ਸੀਡੀਪੀਓ ਦੀਆਂ ਖਾਲੀ ਆਸਾਮੀਆਂ ਤਾਂ ਕੀ ਭਰਨੀਆਂ ਸਨ ਸਗੋਂ ਮਾਣ ਭੱਤਾ ਕਢਵਾਉਣ ਲਈ ਕਿਸੇ ਨੂੰ ਚਾਰਜ ਵੀ ਨਹੀਂ ਦਿੱਤਾ ਜਾ ਰਿਹਾ। ਅਜਿਹੀ ਹਾਲਤ ਵਿੱਚ ਵਰਕਰਾਂ ਅਤੇ ਹੈਲਪਰਾਂ ਨੂੰ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਹਨ। ਇਹ ਮਾਮਲਾ ਯੂਨੀਅਨ ਵੱਲੋਂ ਪਹਿਲਾਂ ਵੀ ਸਰਕਾਰ ਦੇ ਧਿਆਨ ਵਿੱਚ ਲਿਆਂਦਾ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਜਦੋਂ ਤੱਕ ਨਵੀਆਂ ਆਸਾਮੀਆਂ ਨਹੀਂ ਭਰੀਆਂ ਜਾਂਦੀਆਂ, ਉਦੋਂ ਤੱਕ ਦੂਜੇ ਸੀਡੀਪੀਓਜ਼ ਨੂੰ ਵਾਧੂ ਚਾਰਜ ਦੇ ਕੇ ਭੱਤੇ ਜਾਰੀ ਕਰਵਾਏ ਜਾਣ।