ਨਿੱਜੀ ਪੱਤਰ ਪ੍ਰੇਰਕ
ਫ਼ਿਰੋਜ਼ਪੁਰ, 16 ਸਤੰਬਰ
ਅੱਠ ਹਫ਼ਤਿਆਂ ਦੀ ਪੈਰੋਲ ਕੱਟ ਕੇ ਵਾਪਸ ਜੇਲ੍ਹ ਆਏ ਕੈਦੀ ਕੋਲੋਂ ਤਲਾਸ਼ੀ ਦੌਰਾਨ 114 ਗ੍ਰਾਮ ਚਿੱਟਾ ਪਾਊਡਰ,45 ਨਸ਼ੀਲੀਆਂ ਗੋਲੀਆਂ, ਮੋਬਾਈਲ ਫ਼ੋਨ ਅਤੇ ਵੱਖ-ਵੱਖ ਕੰਪਨੀਆਂ ਦੇ 37 ਸਿਮ ਬਰਾਮਦ ਹੋਏ। ਕੇਂਦਰੀ ਜੇਲ੍ਹ ਦੇ ਸਹਾਇਕ ਸੁਪਰਡੈਂਟ ਰਿਸ਼ਵਪਾਲ ਗੋਇਲ ਦੀ ਸ਼ਿਕਾਇਤ ’ਤੇ ਮੁਲਜ਼ਮ ਕੈਦੀ ਹਰਦੇਵ ਸਿੰਘ ਵਾਸੀ ਮਨਕੀਆਂ ਵਾਲੀ, ਜ਼ੀਰਾ ਦੇ ਖ਼ਿਲਾਫ਼ ਥਾਣਾ ਸਿਟੀ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ। ਕੈਦੀ ਹਰਦੇਵ ਸਿੰਘ ਅੱਠ ਹਫ਼ਤਿਆਂ ਦੀ ਪੈਰੋਲ ਤੇ ਘਰ ਗਿਆ ਸੀ ਤੇ 14 ਸਤੰਬਰ ਨੂੰ ਵਾਪਸ ਜੇਲ੍ਹ ਪਰਤਿਆ ਸੀ। ਜੇਲ੍ਹ ਅਧਿਕਾਰੀਆਂ ਨੂੰ ਉਸ ਦੀ ਤਲਾਸ਼ੀ ਦੌਰਾਨ ਇਹ ਸਾਮਾਨ ਬਰਾਮਦ ਹੋਇਆ। ਹੋਰ ਮਾਮਲੇ ਵਿੱਚ ਜੇਲ੍ਹ ਅਧਿਕਾਰੀਆਂ ਨੇ ਕੈਦੀ ਸਤਪਾਲ ਸਿੰਘ ਵਾਸੀ ਭੱਟੀ ਅਜੈਬ ਸਿੰਘ ਵਾਲੀ ਥਾਣਾ ਗੁਰੂਹਰਸਹਾਏ ਕੋਲੋਂ ਤਲਾਸ਼ੀ ਦੌਰਾਨ 88 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਸਤਪਾਲ ਸਿੰਘ ਖ਼ਿਲਾਫ਼ ਵੀ ਕੇਸ ਦਰਜ ਕਰ ਲਿਆ ਗਿਆ ਹੈ।