ਸਰਬਜੀਤ ਸਿੰਘ ਭੰਗੂ/ਦਰਸ਼ਨ ਸਿੰਘ ਮਿੱਠਾ
ਪਟਿਆਲਾ/ਰਾਜਪੁਰਾ, 16 ਸਤੰਬਰ
ਡੀਐੱਸਪੀ ਬਿਕਰਮਜੀਤ ਬਰਾੜ ਦੀ ਅਗਵਾਈ ਹੇਠ ਸਪੈਸ਼ਲ ਸੈੱਲ ਰਾਜਪੁਰਾ ਦੇ ਮੁਖੀ ਇੰਸਪੈਕਟਰ ਹੈਰੀ ਬੋਪਾਰਾਏ ਅਤੇ ਟੀਮ ਨੇ ਤਿੰਨ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਤਿੰਨ ਪਿਸਤੌਲ, ਪੰਜ ਮੈਗਜ਼ੀਨ ਅਤੇ 26 ਕਾਰਤੂਸ ਬਰਾਮਦ ਕੀਤੇ ਹਨ। ਮੁਲਜ਼ਮਾਂ ਕੋਲੋਂ 20 ਗ੍ਰਾਮ ਹੈਰੋਇਨ ਵੀ ਬਰਾਮਦ ਹੋਈ ਹੈ। ਪਟਿਆਲਾ ਦੇ ਐੱਸਐੱਸਪੀ ਡਾ. ਨਾਨਕ ਸਿੰਘ ਨੇ ਅੱਜ ਇੱਥੇ ਪੁਲੀਸ ਲਾਈਨ ਵਿੱਚ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਅਕਾਸ਼ਦੀਪ ਸਿੰਘ ਉਰਫ ਅਕਾਸ਼ ਵਾਸੀ ਪਿੰਡ ਪੰਡਵਾਂ ਜ਼ਿਲ੍ਹਾ ਕਪੂਰਥਲਾ, ਅੰਮ੍ਰਿਤਜੀਤ ਸਿੰਘ ਵਾਸੀ ਪਿੰਡ ਪ੍ਰਤਾਬਪੁਰਾ ਜਲੰਧਰ ਅਤੇ ਕਮਲਦੀਪ ਸਿੰਘ ਵਾਸੀ ਪਿੰਡ ਗੜ੍ਹਾ ਵਜੋਂ ਹੋਈ ਹੈ। ਇੰਸਪੈਕਟਰ ਹੈਰੀ ਬੋਪਾਰਾਏ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਰਾਜਪੁਰਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਡੀਐੱਸਪੀ ਰਾਜਪੁਰਾ ਬਿਕਰਮਜੀਤ ਬਰਾੜ ਅਨੁਸਾਰ ਮੁਲਜ਼ਮਾਂ ਦਾ ਪੁਲੀਸ ਰਿਮਾਂਡ ਲੈ ਕੇ ਪਤਾ ਲਗਾਇਆ ਜਾਵੇਗਾ ਕਿ ਇਹ ਪਿਸਤੌਲ ਕਿੱਥੋਂ ਲਿਆਂਦੇ ਗਏ ਹਨ।
ਡੀਐੱਸਪੀ ਗੁਰਦੇਵ ਧਾਲੀਵਾਲ ਨੇ ਕਿਹਾ ਕਿ ਇਹ ਮੁਲਜ਼ਮ ਜੇਲ੍ਹ ਵਿੱਚ ਬੰਦ ਗੈਂਗਸਟਰ ਪ੍ਰਿੰਸ ਅਤੇ ਗੋਲੂ ਦੇ ਕਰੀਬੀ ਹਨ, ਜਿਨ੍ਹਾਂ ਦੇ ਇਸ਼ਾਰੇ ’ਤੇ ਹੀ ਇਨ੍ਹਾਂ ਨੇ ਹਥਿਆਰਾਂ ਦਾ ਪ੍ਰਬੰਧ ਕੀਤਾ ਤੇ ਹੁਣ ਜੇਲ੍ਹ ਵਿੱਚੋਂ ਮਿਲਣ ਵਾਲੇ ਹੁਕਮ ਤਹਿਤ ਹੀ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਸੀ। ਪੁਲੀਸ ਨੇ ਮੁਲਜ਼ਮਾਂ ਨੂੰ ਪਹਿਲਾਂ ਕਾਬੂ ਕਰਕੇ ਵਾਰਦਾਤ ਨੂੰ ਟਾਲ ਦਿੱਤਾ ਹੈ। ਇੰਸਪੈਕਟਰ ਹੈਰੀ ਬੋਪਾਰਾਏ ਨੇ ਦੱਸਿਆ ਕਿ ਇਨ੍ਹਾਂ ਮੁਲਜ਼ਮਾਂ ਦੀ ਗ੍ਰਿਫ਼ਤਾਰੀ ’ਚ ਸਹਾਇਕ ਥਾਣੇਦਾਰ ਤੇਜਿੰਦਰ ਸਿੰਘ, ਗੁਰਵਿੰਦਰ ਸਿੰਘ ਸ਼ੰਕਰਪੁਰ, ਗੁਰਬਚਨ ਸਿੰਘ ਅਤੇ ਜਗਦੇਵ ਸਿੰਘ ਜੱਗਾ ਸਣੇ ਹੋਰ ਮੁਲਾਜ਼ਮਾਂ ਦਾ ਵੀ ਸਹਿਯੋਗ ਰਿਹਾ।