ਟ੍ਰਿਬਿਉੂਨ ਨਿਉੂਜ਼ ਸਰਵਿਸ
ਅੰਮ੍ਰਿਤਸਰ, 16 ਸਤੰਬਰ
ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਹੈ ਕਿ ਜੇ ਕੋਈ ਸ਼ਰਧਾਲੂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨਾ ਚਾਹੁੰਦਾ ਹੈ ਤਾਂ ਉਹ 10 ਅਕਤੂਬਰ ਤੋਂ ਪਹਿਲਾਂ ਕਰ ਸਕਦਾ ਹੈ। ਯਾਤਰਾ 10 ਅਕਤੂਬਰ ਨੂੰ ਸਮਾਪਤ ਹੋ ਰਹੀ ਅਤੇ ਇਸ ਮਗਰੋਂ ਗੁਰਦੁਆਰੇ ਦੇ ਕਿਵਾੜ ਸੰਗਤ ਲਈ ਬੰਦ ਕਰ ਦਿੱਤੇ ਜਾਣਗੇ।
ਯਾਤਰਾ ਮਈ ਵਿੱਚ ਆਰੰਭ ਹੋਈ ਸੀ ਅਤੇ ਹੁਣ ਤੱਕ ਚਾਰ ਮਹੀਨੇ ਵਿੱਚ ਲਗਪਗ ਦੋ ਲੱਖ ਸ਼ਰਧਾਲੂ ਇੱਥੇ ਨਤਮਸਤਕ ਹੋ ਚੁੱਕੇ ਹਨ। ਟਰੱਸਟ ਦੇ ਪ੍ਰਧਾਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਇਸ ਵੇਲੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਕਰਨ ਲਈ ਉਚਿਤ ਸਮਾਂ ਹੈ। ਉਨ੍ਹਾਂ ਦੱਸਿਆ ਕਿ ਯਾਤਰਾ ਦੀ ਸਮਾਪਤੀ ਲਈ 8 ਅਕਤੂਬਰ ਨੂੰ ਅਖੰਡ ਪਾਠ ਆਰੰਭ ਹੋਣਗੇ ਅਤੇ 10 ਅਕਤੂਬਰ ਨੂੰ ਭੋਗ ਉਪਰੰਤ ਯਾਤਰਾ ਦੀ ਸਮਾਪਤੀ ਹੋਵੇਗੀ। ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਪੂਰਨ ਗੁਰ ਮਰਿਆਦਾ ਅਨੁਸਾਰ ਸੁੱਖ ਆਸਣ ਵਾਲੇ ਅਸਥਾਨ ’ਤੇ ਲਿਜਾਏ ਜਾਣਗੇ ਅਤੇ ਗੁਰਦੁਆਰੇ ਦੇ ਕਿਵਾੜ ਸੰਗਤ ਲਈ ਬੰਦ ਹੋ ਜਾਣਗੇ।
ਪ੍ਰਬੰਧਕਾਂ ਨੂੰ ਉਮੀਦ ਹੈ ਕਿ ਅਗਲੇ ਤਿੰਨ ਹਫਤਿਆਂ ਦੌਰਾਨ 30 ਤੋਂ 35 ਹਜ਼ਾਰ ਸ਼ਰਧਾਲੂ ਇੱਥੇ ਪੁੱਜਣਗੇ ਅਤੇ ਇਸ ਵਰ੍ਹੇ ਸ਼ਰਧਾਲੂਆਂ ਦੀ ਕੁੱਲ ਆਮਦ ਵੱਧ ਕੇ ਸਵਾ ਦੋ ਲੱਖ ਤੱਕ ਹੋ ਜਾਵੇਗੀ। 2023 ਵਿੱਚ ਵੀ ਲਗਪਗ ਸਵਾ ਦੋ ਲੱਖ ਸ਼ਰਧਾਲੂ ਇੱਥੇ ਨਤਮਸਤਕ ਹੋਏ ਸਨ। ਸਮਾਪਤੀ ਸਮਾਗਮ ਵੇਲੇ ਉੱਤਰਾਖੰਡ ਦੇ ਗਵਰਨਰ ਲੈਫਟੀਨੈਂਟ ਜਨਰਲ (ਸੇਵਾਮੁਕਤ) ਗੁਰਮੀਤ ਸਿੰਘ ਦੇ ਸਮਾਗਮ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ। ਉਹ ਯਾਤਰਾ ਦੀ ਸ਼ੁਰੂਆਤ ਵੇਲੇ ਵੀ ਸਮਾਗਮ ਵਿੱਚ ਸ਼ਾਮਲ ਹੋਏ ਸਨ।