ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 16 ਸਤੰਬਰ
ਮੌਲਾਨਾ ਆਜ਼ਾਦ ਮੈਡੀਕਲ ਇੰਸਟੀਚਿਊਟ ਦਿੱਲੀ ਵਿੱਚ 2023 ਬੈਚ ’ਚ ਐੱਮਡੀ ਕਰ ਰਹੇ ਮੁਕਤਸਰ ਦੇ ਵਸਨੀਕ ਡਾ. ਨਵਦੀਪ ਸਿੰਘ ਦੀ 15 ਸਤੰਬਰ ਨੂੰ ਰਿਹਾਇਸ਼ੀ ਕਮਰੇ ’ਚੋਂ ਲਾਸ਼ ਮਿਲੀ ਸੀ। ਨਵਦੀਪ ਦਾ ਅੱਜ ਇੱਥੇ ਅੰਤਿਮ ਸੰਸਕਾਰ ਕਰ ਦਿੱਤਾ ਹੈ।
ਦੱਸਣਯੋਗ ਹੈ ਕਿ ਡਾ. ਨਵਦੀਪ ਸਿੰਘ ਨੇ ‘ਨੀਟ’ ਪ੍ਰੀਖਿਆ ਵਿੱਚੋਂ ਮੁਲਕ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਸੀ, ਜਿਸ ਕਰਕੇ ਉਸ ਦੇ ਨਿੱਜੀ ਕੋਚਿੰਗ ਸੈਂਟਰ ਵੱਲੋਂ ਉਸ ਨੂੰ 32 ਲੱਖ ਰੁਪਏ ਅਤੇ ਕਾਰ ਦਾ ਇਨਾਮ ਵੀ ਦਿੱਤਾ ਸੀ।
ਇਸ ਮਗਰੋਂ ਨਵਦੀਪ ਸਿੰਘ ਨੇ ਦਿੱਲੀ ਵਿੱਚ ਹੀ ਆਪਣੀ ਐੱਮਬੀਬੀਐੱਸ ਦੀ ਪੜ੍ਹਾਈ ਪੂਰੀ ਕੀਤੀ ਅਤੇ ਹੁਣ 2023 ਤੋਂ ਦਿੱਲੀ ਵਿੱਚ ਹੀ ਐੱਮਡੀ ਰੇਡੀਓਲੌਜੀ ਕਰ ਰਿਹਾ ਸੀ। ਮਨਦੀਪ ਸਿੰਘ ਨੇ ਆਪਣੀ ਰਿਹਾਇਸ਼ ਕਾਲਜ ਹੋਸਟਲ ਦੇ ਬਿਲਕੁਲ ਨਾਲ ‘ਪਾਰਸੀ ਧਰਮਸ਼ਾਲਾ’ ਵਿੱਚ ਰੱਖੀ ਸੀ।
ਡਾ. ਨਵਦੀਪ ਸਿੰਘ ਦੇ ਪਿਤਾ ਪ੍ਰਿੰਸੀਪਲ ਗੋਪਾਲ ਸਿੰਘ ਨੇ ਦੱਸਿਆ ਕਿ ਨਵਦੀਪ ਸਿੰਘ ਹਰ ਰੋਜ਼ ਸਵੇਰੇ ਸੱਤ ਵਜੇ ਘਰ ਗੱਲ ਕਰਦਾ ਸੀ। ਸ਼ਨਿਚਰਵਾਰ 14 ਸਤੰਬਰ ਨੂੰ ਉਸ ਦਾ ਫੋਨ ਨਹੀਂ ਆਇਆ ਤਾਂ ਉਹ ਪੂਰਾ ਦਿਨ ਨਵਦੀਪ ਸਿੰਘ ਨੂੰ ਫੋਨ ਕਰਦੇ ਰਹੇ ਪਰ ਉਸ ਨੇ ਫੋਨ ਨਹੀਂ ਚੁੱਕਿਆ। ਫਿਰ ਉਨ੍ਹਾਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ, ਜਿਨ੍ਹਾਂ ਨਵਦੀਪ ਸਿੰਘ ਦੇ ਕਮਰੇ ਦਾ ਬੂਹਾ ਤੋੜ ਕੇ ਦੇਖਿਆ ਤਾਂ ਅੰਦਰ ਉਸ ਦੀ ਲਾਸ਼ ਪਈ ਸੀ।
ਗੋਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਾਰਾ ਮਾਮਲਾ ਦਿੱਲੀ ਪੁਲੀਸ ਦੇ ਧਿਆਨ ਵਿੱਚ ਲਿਆਂਦਾ ਹੈ। ਉਨ੍ਹਾਂ ਨੂੰ ਸ਼ੱਕ ਹੈ ਕਿ ਡਾ. ਨਵਦੀਪ ਸਿੰਘ ਨਾਲ ਕੋਈ ਸਾਜ਼ਿਸ਼ ਹੋਈ ਹੈ। ਉਨ੍ਹਾਂ ਦਿੱਲੀ ਪੁਲੀਸ ਕੋਲੋਂ ਇਨਸਾਫ ਦੀ ਮੰਗ ਕੀਤੀ ਹੈ।