ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 16 ਸਤੰਬਰ
ਪੰਜਾਬ ਕਾਂਗਰਸ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਭਾਜਪਾ ਨੇ ਰਵਨੀਤ ਬਿੱਟੂ ਤੇ ਕੰਗਨਾ ਰਣੌਤ ਵਰਗੇ ਕੁਝ ਅਜਿਹੇ ਆਗੂ ਸਿਰਫ ਕਾਂਗਰਸ ਅਤੇ ਰਾਹੁਲ ਗਾਂਧੀ ਖ਼ਿਲਾਫ਼ ਬੋਲਣ ਲਈ ਰੱਖੇ ਹਨ। ਇਹ ਆਗੂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਮੂਹਰੇ ਨੰਬਰ ਬਣਾਉਣ ਲਈ ਹੀ ਮਰਿਆਦਾ ਦੀ ਉਲੰਘਣਾ ਕਰਦਿਆਂ ਗਲਤ ਬਿਆਨਬਾਜ਼ੀ ਕਰਦੇ ਹਨ।
ਇੱਥੋਂ ਨੇੜਲੇ ਪਿੰਡ ਡੱਲਾ ਵਿੱਚ ਸੜਕ ਦਾ ਨੀਂਹ ਪੱਥਰ ਰੱਖਣ ਪੁੱਜੇ ਰਾਜਾ ਵੜਿੰਗ ਨੇ ਡੱਲਾ ਨਹਿਰ ’ਤੇ ਕਰਵਾਏ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਵੀ ਚੁਣੌਤੀ ਦਿੱਤੀ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਨੇ ਖੁਦ ਹੀ ਸ਼੍ਰੋਮਣੀ ਕਮੇਟੀ ਨੂੰ ਕਹਿ ਕੇ ਤਨਖ਼ਾਹੀਆ ਕਰਾਰ ਦਿਵਾ ਲਿਆ, ਜਿਹੜੀ ਤਨਖ਼ਾਹ ਲੱਗੀ ਉਹ ਤਾਂ ‘ਸੇਵਾ’ ਹੈ, ਜੋ ਸਾਰੇ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇ ਸੱਚਮੁੱਚ ਭੁੱਲ ਬਖ਼ਸ਼ਾਉਣੀ ਹੈ ਤਾਂ ਛੇ ਸਾਲ ਲਈ ਚੋਣ ਲੜਨ ’ਤੇ ਰੋਕ ਲਾਈ ਜਾਵੇ। ਰਵਨੀਤ ਬਿੱਟੂ ਦੇ ਰਾਹੁਲ ਗਾਂਧੀ ਨੂੰ ਅਤਿਵਾਦੀ ਦੱਸਣ ਵਾਲੇ ਬਿਆਨ ਦੀ ਨਿਖੇਧੀ ਕਰਦਿਆਂ ਕਿਹਾ ਕਿ ਆਉਣ ਵਾਲਾ ਸਮਾਂ ਕਾਂਗਰਸ ਤੇ ਰਾਹੁਲ ਗਾਂਧੀ ਦਾ ਹੈ, ਇਸੇ ਲਈ ਭਾਜਪਾ ਵਾਲੇ ਡਰਦੇ ਹੋਏ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਵੀ ਆਮ ਆਦਮੀ ਪਾਰਟੀ ਦੀ ਖੇਡ ਖ਼ਤਮ ਹੀ ਹੈ। ਅਗਲੀ ਵਾਰ ਨਿਸ਼ਚਿਤ ਤੌਰ ’ਤੇ ਕਾਂਗਰਸ ਸਰਕਾਰ ਬਣੇਗੀ।
ਔਰਤਾਂ ਲਈ ਸਨਮਾਨ ਤੇ ਵੱਧ ਮੌਕੇ ਦੇਣ ਦੀ ਵਕਾਲਤ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਜਲਦੀ ਹੀ ਔਰਤਾਂ ਨੂੰ ਚੋਣਾਂ ਵਿੱਚ ਪੰਜਾਹ ਫ਼ੀਸਦੀ ਰਾਖਵਾਂਕਰਨ ਮਿਲੇਗਾ।
ਇੱਕੋ ਸੜਕ ਦਾ ਦੋ ਵਾਰ ਨੀਂਹ ਪੱਥਰ
ਅਠਾਰਾਂ ਫੁੱਟ ਚੌੜੀ ਤੇ 24.58 ਕਿਲੋਮੀਟਰ ਲੰਬੀ ਬਣਨ ਵਾਲੀ ਜਗਰਾਉਂ-ਹਠੂਰ ਸੜਕ ਦਾ ਬੀਤੀ ਸ਼ਾਮ ਅਤੇ ਅੱਜ ਕੁਝ ਘੰਟੇ ਦੇ ਵਕਫੇ ਅੰਦਰ ਹੀ ਦੋ ਵਾਰ ਨੀਂਹ ਪੱਥਰ ਰੱਖਿਆ ਗਿਆ। ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਨੇ ਬੀਤੀ ਸ਼ਾਮ ਨੀਂਹ ਪੱਥਰ ਰੱਖਿਆ, ਜਿਸ ਦੀ ਅੱਜ ਰਾਜਾ ਵੜਿੰਗ ਨੇ ਨੀਂਹ ਪੱਥਰ ਰੱਖਣ ਮੌਕੇ ਆਲੋਚਨਾ ਵੀ ਕੀਤੀ। ਚਿੱਠੀ ਦਿਖਾਉਂਦਿਆਂ ਮੰਚ ’ਤੇ ਐਕਸੀਅਨ ਨੂੰ ਸੱਦ ਕੇ ਉਨ੍ਹਾਂ ਆਪਣੇ ਅਧਿਕਾਰ ਖੇਤਰ ਦੀ ਹਾਮੀ ਵੀ ਭਰਵਾਈ। ਪ੍ਰਧਾਨ ਮੰਤਰੀ ਗ੍ਰਾਮੀਣ ਸੜਕ ਯੋਜਨਾ ਤਹਿਤ ਬਣਨ ਜਾ ਰਹੀ ਇਹ ਸੜਕ ਤਤਕਾਲੀ ਸੰਸਦ ਮੈਂਬਰ ਰਵਨੀਤ ਬਿੱਟੂ ਦੇ ਯਤਨਾਂ ਨਾਲ ਪਾਸ ਹੋਈ ਸੀ।