ਦਰਸ਼ਨ ਸਿੰਘ ਸੋਢੀ
ਐਸਏਐਸ ਨਗਰ (ਮੁਹਾਲੀ), 17 ਸਤੰਬਰ
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਦਾ ਦਾਅਵਾ ਕਰਨ ਵਾਲੀ ਪੰਜਾਬ ਦੀ ‘ਆਪ’ ਸਰਕਾਰ ਦੀ ਕਹਿਣੀ ਅਤੇ ਕਥਨੀ ਵਿੱਚ ਜ਼ਮੀਨ ਅਸਮਾਨ ਦਾ ਫ਼ਰਕ ਹੈ। ਸਰਕਾਰ ਸ਼ਹਿਰ ਵਾਸੀਆਂ ਨੂੰ ਸਹੂਲਤਾਂ ਦੇਣ ਦੀ ਥਾਂ ਉਲਟਾ ਪਿਛਲੀ ਕਾਂਗਰਸ ਸਰਕਾਰ ਵੱਲੋਂ ਮੁਹੱਈਆ ਕਰਵਾਈਆਂ ਸਿਹਤ ਸਹੂਲਤਾਂ ਖੋਹਣ ਦੇ ਰਾਹ ਪੈ ਗਈ ਹੈ। ਪਹਿਲਾਂ ਜਿੱਥੇ ਫੇਜ਼-3ਬੀ1 ਦੇ ਕਮਿਊਨਿਟੀ ਹੈਲਥ ਸੈਂਟਰ ਨੂੰ ਇੱਥੋਂ ਦੂਰ ਪਿੰਡ ਸੰਤੇਮਾਜਰਾ ਵਿੱਚ ਤਬਦੀਲ ਕਰ ਕੇ ਇਹ ਜਗ੍ਹਾ ਲਿਵਰ ਅਤੇ ਬਾਇਲਰੀ ਇੰਸਟੀਚਿਊਟ ਨੂੰ ਦੇ ਦਿੱਤੀ ਸੀ ਪਰ ਅੱਜ ਇੱਕ ਖਾਲੀ ਸ਼ੈੱਡ ਵਿੱਚ ਚਲਦੇ ਟੀਕਾਕਰਨ ਕੇਂਦਰ ਨੂੰ ਵੀ ਸਰਕਾਰ ਨੇ ਖਾਲੀ ਕਰਨ ਦੇ ਜ਼ੁਬਾਨੀ ਹੁਕਮ ਚਾੜ੍ਹ ਦਿੱਤੇ ਹਨ।
ਸ੍ਰੀ ਬੇਦੀ ਨੇ ਦੱਸਿਆ ਕਿ ਇੱਥੇ ਹਰ ਮਹੀਨੇ ਲਗਪਗ 400 ਤੋਂ 500 ਬੱਚਿਆਂ ਦਾ ਟੀਕਾਕਰਨ ਕੀਤਾ ਜਾਂਦਾ ਸੀ ਜਦੋਂਕਿ ਮਲੇਰੀਆ ਤੇ ਡੇਂਗੂ ਦੀਆਂ ਟੀਮਾਂ ਵੀ ਇੱਥੋਂ ਹੀ ਸੰਚਾਲਿਤ ਹੁੰਦੀਆਂ ਸਨ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਆਪਣੇ ਜ਼ੁਬਾਨੀ ਕਲਾਮੀ ਫ਼ੈਸਲੇ ਨੂੰ ਤੁਰੰਤ ਵਾਪਸ ਲਵੇ ਅਤੇ ਟੀਕਾਕਰਨ ਕੇਂਦਰ ਇੱਥੇ ਹੀ ਰਹਿਣ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਉਹ ਸਰਕਾਰ ਦੇ ਫ਼ੈਸਲੇ ਤੋਂ ਹੈਰਾਨ ਹਨ ਕਿ ਕਿਵੇਂ ਜ਼ੁਬਾਨੀ ਹੁਕਮ ਕਰ ਕੇ ਆਰਜ਼ੀ ਸ਼ੈੱਡ ’ਚੋਂ ਸਾਰਾ ਸਾਮਾਨ ਚੁਕਵਾ ਦਿੱਤਾ ਹੈ ਜਦੋਂਕਿ ਸਿਹਤ ਕਰਮਚਾਰੀਆਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਨੇ ਸਾਮਾਨ ਲੈ ਕੇ ਕਿੱਥੇ ਜਾਣਾ ਹੈ। ਉਨ੍ਹਾਂ ਕਿਹਾ ਕਿ ਫੇਜ਼-3ਬੀ1, ਫੇਜ਼-3ਬੀ2 ਅਤੇ ਫੇਜ਼-3ਏ ਦੇ ਲੋਕ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਉਣ ਲਈ ਇੱਥੇ ਆਉਂਦੇ ਸਨ, ਹੁਣ ਇਹ ਸਹੂਲਤ ਵੀ ਖੋਹੀ ਜਾ ਰਹੀ ਹੈ।