ਇਰਾਨ ਦੇ ਸਿਰਮੌਰ ਆਗੂ ਆਇਤੁੱਲ੍ਹਾ ਖਮੀਨੀ ਨੇ ਆਖਿਆ ਹੈ ਕਿ ਮਿਆਂਮਾਰ, ਗਾਜ਼ਾ ਅਤੇ ਭਾਰਤ ਵਿਚ ਮੁਸਲਮਾਨਾਂ ਨੂੰ ਸੰਤਾਪ ਝੱਲਣਾ ਪੈ ਰਿਹਾ ਹੈ ਜਿਸ ਕਰ ਕੇ ਮੁਸਲਮਾਨਾਂ ਅੰਦਰ ਇਕਜੁੱਟਤਾ ਕਾਇਮ ਕਰਨ ਦੀ ਲੋੜ ਹੈ ਜਿਸ ਦੀ ਭਾਰਤ ਨੇ ਸਖ਼ਤ ਨੁਕਤਾਚੀਨੀ ਕੀਤੀ ਹੈ। ਭਾਰਤ ਦੇ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲੇ ਨੇ ਇਨ੍ਹਾਂ ਟਿੱਪਣੀਆਂ ਨੂੰ ਗਲਤ ਸੂਚਨਾ ਕਰਾਰ ਦੇ ਕੇ ਅਪ੍ਰਵਾਨ ਕਰ ਦਿੱਤਾ ਹੈ। ਮੰਤਰਾਲੇ ਨੇ ਇਰਾਨ ਨੂੰ ਇਹ ਵੀ ਨਸੀਹਤ ਕੀਤੀ ਹੈ ਕਿ ਉਹ ਭਾਰਤ ਦੇ ਅੰਦਰੂਨੀ ਮਾਮਲਿਆਂ ਵਿਚ ਦਖ਼ਲਅੰਦਾਜ਼ੀ ਕਰਨ ਤੋਂ ਪਹਿਲਾਂ ਇਸ ਨੂੰ ਆਪਣੇ ਰਿਕਾਰਡ ’ਤੇ ਨਜ਼ਰ ਮਾਰਨੀ ਚਾਹੀਦੀ ਹੈ। ਖਮੀਨੀ ਦੀਆਂ ਇਹ ਟਿੱਪਣੀਆਂ ਮੁਸਲਿਮ ਬਹੁਗਿਣਤੀ ਦੇਸ਼ਾਂ ਨਾਲ ਆਪਣੇ ਸਬੰਧ ਮਜ਼ਬੂਤ ਕਰਨ ਅਤੇ ਸਾਊਦੀ ਅਰਬ ਜਿਹੇ ਸ਼ਰੀਕ ਮੁਲਕਾਂ ਦੇ ਮੁਕਾਬਲੇ ਆਪਣੇ ਅਸਰ ਰਸੂਖ ਵਿਚ ਵਾਧਾ ਕਰਨ ਦੀ ਵਡੇਰੀ ਰਣਨੀਤੀ ਦਾ ਹਿੱਸਾ ਹੋ ਸਕਦੀਆਂ ਹਨ। ਖਮੀਨੀ ਨੇ ਭਾਰਤ ਦੀਆਂ ਅੰਦਰੂਨੀ ਨੀਤੀਆਂ ਬਾਰੇ ਟੀਕਾ ਟਿੱਪਣੀ ਪਹਿਲੀ ਵਾਰ ਨਹੀਂ ਕੀਤੀ। 2019 ਵਿਚ ਜਦੋਂ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਲਈ ਧਾਰਾ 370 ਰੱਦ ਕੀਤੀ ਸੀ ਤਾਂ ਵੀ ਉਨ੍ਹਾਂ ਇਸ ਫ਼ੈਸਲੇ ਦੀ ਆਲੋਚਨਾ ਕੀਤੀ ਸੀ। ਉਂਝ, ਭਾਰਤ ਦੀ ਵਿਦੇਸ਼ ਨੀਤੀ ਬਣੀ ਰਹੀ ਕਿ ਆਪਣੇ ਅੰਦਰੂਨੀ ਧਾਰਮਿਕ ਮੁੱਦਿਆਂ ਵਿਚ ਬਾਹਰੀ ਦਖ਼ਲ ਅੰਦਾਜ਼ੀ ਦੀ ਆਗਿਆ ਨਾ ਦਿੱਤੀ ਜਾਵੇ ਅਤੇ ਨਾਲ ਧਰਮ ਨਿਰਪੱਖਤਾ ਅਤੇ ਆਪਣੇ ਸਾਰੇ ਨਾਗਰਿਕਾਂ ਲਈ ਸੰਵਿਧਾਨਕ ਰਾਖੀਆਂ ਪ੍ਰਤੀ ਆਪਣੀ ਵਚਨਬੱਧਤਾ ਦ੍ਰਿੜ ਕੀਤੀ ਜਾਵੇ। ਇਨ੍ਹਾਂ ਕੂਟਨੀਤਕ ਤਣਾਵਾਂ ਦੇ ਬਾਵਜੂਦ ਭਾਰਤ ਅਤੇ ਇਰਾਨ ਵਿਚਕਾਰ ਜਟਿਲ ਸਬੰਧ ਬਣੇ ਹੋਏ ਹਨ ਜਿਨ੍ਹਾਂ ਦੀਆਂ ਜੜ੍ਹਾਂ ਰਣਨੀਤਕ ਹਿੱਤਾਂ ਵਿਚ ਲੱਗੀਆਂ ਹੋਈਆਂ ਹਨ। ਦੋਵਾਂ ਦੇਸ਼ਾਂ ਵਿਚਕਾਰ ਆਰਥਿਕ ਅਤੇ ਸਭਿਆਚਾਰਕ ਸਬੰਧਾਂ ਦਾ ਇਕ ਲੰਮਾ ਇਤਿਹਾਸ ਹੈ ਅਤੇ ਹਾਲ ਹੀ ਵਿਚ ਦੋਵਾਂ ਦੇਸ਼ਾਂ ਨੇ ਚਾਬਹਾਰ ਵਿਚ ਸ਼ਹੀਦ ਬਹਿਸ਼ਤੀ ਪੋਰਟ ਟਰਮੀਨਲ ਚਲਾਉਣ ਬਾਬਤ ਇਕ ਵੱਡਾ ਸਮਝੌਤਾ ਸਹੀਬੰਦ ਕੀਤਾ ਹੈ। ਇਰਾਨ ਨਾਲ ਸਾਂਝੇਦਾਰੀ ਭਾਰਤ ਦੀਆਂ ਇਲਾਕਾਈ ਵਪਾਰਕ ਖਾਹਸ਼ਾਂ ਲਈ ਬਹੁਤ ਅਹਿਮ ਹੈ ਖ਼ਾਸਕਰ ਇਸ ਕਰ ਕੇ ਕਿ ਇਸ ਨਾਲ ਪਾਕਿਸਤਾਨ ਨੂੰ ਬਾਈਪਾਸ ਕਰ ਕੇ ਅਫ਼ਗਾਨਿਸਤਾਨ ਅਤੇ ਮੱਧ ਏਸ਼ੀਆ ਤੱਕ ਰਸਾਈ ਮਿਲਦੀ ਹੈ। ਆਰਥਿਕ ਸਾਂਝੇਦਾਰੀ ਉਸ ਵਿਹਾਰਕ ਪਹੁੰਚ ਨੂੰ ਰੇਖਾਂਕਿਤ ਕਰਦੀ ਹੈ ਜੋ ਦੋਵੇਂ ਦੇਸ਼ ਕੂਟਨੀਤਕ ਮਤਭੇਦਾਂ ਦੇ ਬਾਵਜੂਦ ਆਪਣੇ ਸਬੰਧਾਂ ਨੂੰ ਸਾਵੇਂ ਰੱਖਣ ਲਈ ਅਪਣਾਉਂਦੇ ਆ ਰਹੇ ਹਨ।
ਦੋਵਾਂ ਦੇਸ਼ਾਂ ਨੂੰ 2019 ਵਿਚ ਵੀ ਆਪਣੇ ਵਡੇਰੇ ਸਬੰਧਾਂ ਨੂੰ ਸੰਭਾਲਣ ਲਈ ਵਿਵਾਦਤ ਮੁੱਦੇ ਵੱਖਰੇ ਰੱਖਣੇ ਪਏ ਸਨ ਤਾਂ ਕਿ ਭੜਕਾਹਟ ਵਾਲੀਆਂ ਟਿੱਪਣੀਆਂ ਕਰ ਕੇ ਕੂਟਨੀਤਕ ਸਬੰਧਾਂ ਵਿਚ ਤਣਾਅ ਨਾ ਬਣੇ ਜਾਂ ਮੁੜ ਭੂ-ਰਾਜਸੀ ਸਫ਼ਬੰਦੀ ਨਾ ਪੈਦਾ ਹੋਵੇ। ਉਂਝ, ਇਰਾਨ ਦੀ ਤਰਫ਼ੋਂ ਭਾਰਤ ਦੇ ਅੰਦਰੂਨੀ ਮਾਮਲਿਆਂ ਬਾਰੇ ਟਿੱਪਣੀਆਂ ਕਰਨ ਨਾਲ ਦੋਵਾਂ ਦੇਸ਼ਾਂ ਵਿਚਕਾਰ ਲੰਮੇ ਅਰਸੇ ਤੋਂ ਬਣੇ ਦੇਰਪਾ ਸਹਿਯੋਗ ਅਤੇ ਸਦਭਾਵਨਾ ਦੇ ਮਾਹੌਲ ਨੂੰ ਸੱਟ ਵੱਜਦੀ ਹੈ। ਇਰਾਨ ਨੂੰ ਭਾਰਤ ਦੀ ਤੁਲਨਾ ਮਿਆਂਮਾਰ ਅਤੇ ਗਾਜ਼ਾ ਨਾਲ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।