ਲਖਵਿੰਦਰ ਸਿੰਘ ਰਈਆ
ਗਲੈਨਵੁੱਡ-(ਸਿਡਨੀ): ਇੱਥੇ ਪੰਜਾਬੀ ਸਾਹਿਤ ਪ੍ਰੇਮੀਆਂ ਵੱਲੋਂ ਮਾਸਿਕ ਸਾਹਿਤਕ ਇਕੱਤਰਤਾ ਕੀਤੀ ਗਈ। ਇਸ ਦੀ ਸ਼ੁਰੂਆਤ ਲਿਖਾਰੀ ਗਿਆਨੀ ਸੰਤੋਖ ਸਿੰਘ ਨੇ ਕੀਤੀ। ਕਵੀ ਦਰਬਾਰ ਵਿੱਚ;
ਛੱਲਾ ਖੂਹ ਦਾ ਪਾਣੀ, ਓ ਛੱਲਾ ਖੂਹ ਦਾ ਪਾਣੀ
ਰੱਜ ਕੇ ਮੌਜ ਨਾ ਮਾਣੀ, ਓ ਗਈ ਜਵਾਨੀ…
ਨੂੰ ਸੰਗੀਤ ਤੇ ਆਵਾਜ਼ ਦੇ ਸੁਮੇਲ ਨਾਲ ਗਾ ਕੇ ਜੀਵਨ ਸਿੰਘ ਦੁਸਾਂਝ ਨੇ ਆਪਣੀ ਨਿਵੇਕਲੀ ਗਾਇਕੀ ਦਾ ਪੂਰਾ ਰੰਗ ਬੰਨ੍ਹਿਆ। ਦਰਸ਼ਨ ਸਿੰਘ ਪੰਧੇਰ ਨੇ ‘ਜਵਾਨੀ ਓ ਜਵਾਨੀ ਤੂੰ ਜ਼ਿੰਦਾਬਾਦ!’ ਗੀਤ ਰਾਹੀਂ ਜਵਾਨੀ ਦੀਆਂ ਚੁਲਬਲੀਆਂ/ ਮਿੱਠੀਆਂ ਯਾਦਾਂ ਦੀ ਮਿਠਾਸ ਦੇ ਛੱਟੇ ਨਾਲ ਸਰੋਤਿਆਂ ਵਿੱਚ ਹੁਲਾਸ ਦਾ ਖੇੜਾ ਭਰ ਦਿੱਤਾ। ਕੁਲਦੀਪ ਸਿੰਘ ਜੌਹਲ ਨੇ:
ਵੱਧ ਰੁੱਖ ਤੇ ਪਰਿੰਦਿਆਂ ਦੇ ਘਰ ਢਾਹ ਗਿਆ
ਚਾਲੀ ਪਿੰਡਾਂ ਦੀ ਜ਼ਮੀਨ ਲੁਧਿਆਣਾ ਸ਼ਹਿਰ ਖਾ ਗਿਆ।
ਉਸ ਨੇ ‘ਲੁਧਿਆਣਾ’ ਪ੍ਰਤੀਕ ਵਜੋਂ ਲੈਂਦਿਆਂ ਸ਼ਹਿਰੀਕਰਨ ਵਿੱਚ ਫਸ ਕੇ ਪੇਂਡੂ ਵਿਰਸਾ, ਜ਼ਮੀਨ ਜਾਇਦਾਦ ਆਪਣੀ ਹੋਂਦ ਯਾਨੀ ਸਭ ਕੁਝ ਹੀ ਗਵਾ ਰਿਹਾ ਹੈ, ਦੀ ਤਰਾਸਦੀ ਨੂੰ ਬਿਆਨ ਕੀਤਾ।
ਕੋਈ ਮਹਿਲਾਂ ਵਿੱਚ, ਕੋਈ ਕੁੱਲੀਆਂ ਵਿੱਚ
ਕੋਈ ਸੇਜਾਂ ’ਤੇ ਕੋਈ ਜੁੱਲੀਆਂ ਵਿੱਚ।
ਦੇ ਚੀਸ ਭਰੇ ਬੋਲਾਂ ਨਾਲ ਭਜਨ ਸਿੰਘ ਸਿੱਧੂ ਨੇ ਆਰਥਿਕਤਾ ਵਿੱਚ ਵੱਡੀ ਪੱਧਰ ’ਤੇ ਹੋ ਰਹੀ ਕਾਣੀ ਵੰਡ ਦੀ ਗੱਲ ਆਖੀ। ਹਰਮਨਪ੍ਰੀਤ ਸਿੰਘ ਮਾਨ ਦੀ ਕਵਿਤਾ ਸੀ;
ਜਦ ਪੈਸਾ ਸਿਰ ਚੜ੍ਹ ਬੋਲੇ
ਫਿਰ ਰਿਸ਼ਤਿਆਂ ਦੀ ਤੰਦ ਡੋਲੇ।
ਨੇ ਹਰ ਥਾਂ ਪੈਸੇ ਦੀ ਹੱਦੋਂ ਵੱਧ ਪ੍ਰਧਾਨਗੀ, ਰਿਸ਼ਤਿਆਂ ਨੂੰ ਘੁਣ ਵਾਂਗ ਖਾ ਰਹੀ ਹੈ, ਦੀ ਗੱਲ ਕੀਤੀ। ਤੰਦਰੁਸਤੀ ਲਈ ਜੀਵਨ ਜਾਚ, ਸ਼ੁਰੂ ਤੋਂ ਰੜਕਦੀ ਆ ਰਹੀ ਪੰਜਾਬ ਦੀ ਵੰਡ, ਸਮਾਜਿਕ ਰਿਸ਼ਤਿਆਂ ਦੇ ਜੋੜ ਤੋੜ, ਦੇਸ ਪ੍ਰਦੇਸ ਵਿੱਚ ਵੱਸਦਿਆਂ ਦੇ ਮਿਲਾਪ ਦੀ ਸਿੱਕ ਤੇ ਰਾਜਨੀਤੀ ਦੇ ਫੁਕਰੇਪਣ ਆਦਿ ਵਿਸ਼ਿਆਂ ਨੂੰ ਲੈ ਕੇ ਕੰਵਲਜੀਤ ਸਿੰਘ ਸਰਕਾਰੀ, ਨਛੱਤਰ ਸਿੰਘ ਮੱਲ੍ਹੀ, ਵਰਿੰਦਰ ਪਾਲ ਸ਼ਰਮਾ ਖੰਨਾ, ਤਾਰਾ ਸਿੰਘ ਭਮਰਾ, ਨਰਿੰਦਰਪਾਲ ਸਿੰਘ ਚੰਡੀਗੜ੍ਹ, ਸਤਨਾਮ ਸਿੰਘ ਗਿੱਲ, ਅਵਤਾਰ ਸਿੰਘ ਖਹਿਰਾ, ਗੁਰਦਿਆਲ ਸਿੰਘ, ਭਵਨਜੀਤ ਸਿੰਘ, ਜਸਵੰਤ ਸਿੰਘ ਪੰਨੂ, ਸੁਖਰਾਜ ਸਿੰਘ ਵੇਰਕਾ, ਜਸਵੰਤ ਸਿੰਘ ਘੁੰਮਣ, ਛਿੰਦਰਪਾਲ ਕੌਰ, ਦਵਿੰਦਰ ਕੌਰ ਸਰਕਾਰੀਆ, ਪਰਮਜੀਤ ਕੌਰ ਵੇਰਕਾ, ਗੁਰਦੇਵ ਸਿੰਘ ਸੰਗਰੂਰ, ਕੈਪਟਨ ਦਲਜੀਤ ਸਿੰਘ, ਸੁਰਿੰਦਰ ਸਿੰਘ ਜੱਸੜ ਆਦਿ ਨੇ ਆਪਣੀਆਂ ਕਾਵਿ ਰਚਨਾਵਾਂ ਤੇ ਵਿਚਾਰਾਂ ਨਾਲ ਸਰੋਤਿਆਂ ਨੂੰ ਨਿਹਾਲ ਕੀਤਾ।
ਕੁਲਬੀਰ ਸਿੰਘ ਧੰਜੂ, ਜਸਪਾਲ ਸਿੰਘ, ਸੁਰਜੀਤ ਸਿੰਘ, ਸੁਰਿੰਦਰ ਸਿੰਘ ਮਾਣਕੂ, ਦਲਬੀਰ ਸਿੰਘ ਪੱਡਾ, ਪ੍ਰਵੀਨ ਕੌਰ, ਹਰਮਿੰਦਰ ਕੌਰ ਅਤੇ ਸੁਰਿੰਦਰ ਪਾਲ ਕੌਰ ਦੁਸਾਂਝ ਆਦਿ ਨੇ ਇਸ ਪੰਜਾਬੀ ਸਾਹਿਤਕ ਦਰਬਾਰ ਵਿੱਚ ਸ਼ਿਰਕਤ ਕਰਕੇ ਚਾਰ ਚੰਨ ਲਾਏ। ਜੋਗਿੰਦਰ ਸਿੰਘ ਸੋਹੀ ਨੇ ਬੜੇ ਹੀ ਸੁਚੱਜੇ ਢੰਗ ਨਾਲ ਇਸ ਸਹਿਤਕ ਗੁਲਦਸਤੇ ਦੀਆਂ ਪੰਖੜੀਆਂ ਨੂੰ ਤਰਤੀਬ ਦਿੰਦਿਆਂ ਮੰਚ ਦਾ ਸੰਚਾਲਨ ਕੀਤਾ।
ਸੰਪਰਕ: 61430204832
ਇੰਡੀਆ ਕਲਚਰਲ ਸੈਂਟਰ ਵੱਲੋਂ ਵਾਲੰਟੀਅਰਾਂ ਦਾ ਸਨਮਾਨ
ਹਰਦਮ ਮਾਨ
ਸਰੀ: ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ (ਗੁਰਦੁਆਰਾ ਨਾਨਕ ਨਿਵਾਸ ਰਿਚਮੰਡ) ਵੱਲੋਂ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦੇ ਪੰਜਾਬੀ ਸਕੂਲ, ਯੋਗਾ ਸੈਂਟਰ, ਖੁੱਲ੍ਹੇ ਦਰਵਾਜ਼ੇ, ਲੰਗਰ ਦੀ ਸੇਵਾ, ਕਿਚਨ ਦੇ ਕੰਮ ਅਤੇ ਹੋਰ ਵੱਖ ਵੱਖ ਕਾਰਜਾਂ ਵਿੱਚ ਹੱਥ ਵਟਾਉਣ ਵਾਲੇ ਵਾਲੰਟੀਅਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਕਿਹਾ ਕਿ ਵਲੰਟੀਅਰ ਹਰ ਇੱਕ ਕੌਮ ਅਤੇ ਕਮਿਊਨਿਟੀ ਦਾ ਬਹੁਤ ਵੱਡਾ ਸਰਮਾਇਆ ਹੁੰਦੇ ਹਨ ਜੋ ਬਿਨਾਂ ਕਿਸੇ ਲਾਲਚ ਜਾਂ ਤਨਖਾਹ ਦੇ ਲੋਕਾਂ ਦੀ ਭਲਾਈ ਲਈ ਯੋਗਦਾਨ ਪਾਉਂਦੇ ਹਨ। ਤਕਰੀਬਨ ਹਰ ਇੱਕ ਗੁਰਦੁਆਰੇ, ਮੰਦਰ, ਮਸਜਿਦ ਚਰਚ ਜਾਂ ਹੋਰ ਅਦਾਰਿਆਂ ਵਿੱਚ ਵਾਲੰਟੀਅਰ ਅਣਥੱਕ ਸੇਵਾ ਕਰਦੇ ਹਨ। ਇਸੇ ਹੀ ਤਰ੍ਹਾਂ ਇੰਡੀਆ ਕਲਚਰਲ ਸੈਂਟਰ ਆਫ ਕੈਨੇਡਾ ਵਿਖੇ ਅਨੇਕਾਂ ਵਲੰਟੀਅਰ ਹਰ ਰੋਜ਼ ਨਿਸ਼ਕਾਮ ਸੇਵਾ ਕਰਦੇ ਹਨ। ਇਨ੍ਹਾਂ ਵਲੰਟੀਅਰਾਂ ਦਾ ਧੰਨਵਾਦ ਕਰਦਿਆਂ ਗੁਰਦੁਆਰਾ ਸਾਹਿਬ ਦੀ ਚੇਅਰਪਰਸਨ ਬੀਬੀ ਕਸ਼ਮੀਰ ਕੌਰ ਜੌਹਲ ਨੇ ਉਨ੍ਹਾਂ ਨੂੰ ਸਨਮਾਨ ਪੱਤਰ ਦਿੱਤੇ। ਗੁਰਦੁਆਰਾ ਸਾਹਿਬ ਦੇ ਮੁਖ ਸੇਵਾਦਾਰ ਮੋਹਣ ਸਿੰਘ ਸੰਧੂ ਅਤੇ ਸਕੱਤਰ ਬਲਵੰਤ ਸਿੰਘ ਸੰਘੇੜਾ ਨੇ ਵੀ ਵਲੰਟੀਅਰ ਬੀਬੀਆਂ ਅਤੇ ਸੱਜਣਾਂ ਦਾ ਧੰਨਵਾਦ ਕੀਤਾ ਅਤੇ ਉਮੀਦ ਜ਼ਾਹਰ ਕੀਤੀ ਕਿ ਇਹ ਸੱਜਣ ਅਤੇ ਬੀਬੀਆਂ ਗੁਰੂ ਘਰ ਵਿੱਚ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣਗੇ।
ਸੰਪਰਕ: +1 604 308 6663