ਸੰਦੌੜ (ਮੁਕੰਦ ਸਿੰਘ ਚੀਮਾ): ਇਥੋ ਨੇੜਲੇ ਪਿੰਡ ਮਾਣਕੀ ਦੀ ਅਨੂ ਮਾਲੜਾ (24) ਦੀ ਕੈਨੇਡਾ ਦੇ ਨੋਵਾਸਕੋਸ਼ੀਆ ਸੂਬੇ ਵਿਚ ਮੌਤ ਹੋ ਗਈ ਹੈ। ਅਨੂ ਪੁੱਤਰੀ ਗੁਰਪ੍ਰੀਤ ਸਿੰਘ ਚਾਰ ਸਾਲ ਪਹਿਲਾਂ ਸਟੱਡੀ ਵੀਜ਼ੇ ’ਤੇ ਕੈਨੇਡਾ ਗਈ ਸੀ। ਉਹ ਕੁੱਝ ਸਮੇਂ ਤੋਂ ਬਿਮਾਰ ਸੀ। ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਅਨੂ ਕੈਨੇਡਾ ਵਿੱਚ ਵਰਕ ਪਰਮਿਟ ’ਤੇ ਸੀ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਹੀ ਉਸ ਦੀ ਆਪਣੀ ਮਾਤਾ ਨਾਲ ਫੋਨ ’ਤੇ ਗੱਲਬਾਤ ਹੋਈ ਸੀ। ਅਨੂ ਦੀ ਵੱਡੀ ਭੈਣ ਵੀ ਕੈਨੇਡਾ ਵਿੱਚ ਹੈ, ਜਦਕਿ ਛੋਟਾ ਭਰਾ ਮਾਤਾ-ਪਿਤਾ ਕੋਲ ਪਿੰਡ ਹੈ। ਪਰਿਵਾਰ ਨੇ ਮ੍ਰਿਤਕ ਦੇਹ ਵਾਪਸ ਲਿਆਉਣ ਲਈ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਹੈ।