ਸ੍ਰੀਨਗਰ/ਜੰਮੂ, 17 ਸਤੰਬਰ
ਜੰਮੂ ਕਸ਼ਮੀਰ ਦੇ ਸੱਤ ਜ਼ਿਲ੍ਹਿਆਂ ਵਿਚ ਪਹਿਲੇ ਗੇੜ ਲਈ ਵੋਟਿੰਗ ਬੁੱਧਵਾਰ ਨੂੰ ਹੋਵੇਗੀ। ਪਹਿਲੇ ਗੇੜ ਵਿਚ 24 ਸੀਟਾਂ ਲਈ ਵੋਟਾਂ ਪੈਣਗੀਆਂ, ਜਿਨ੍ਹਾਂ ਵਿਚੋਂ 16 ਸੀਟਾਂ ਕਸ਼ਮੀਰ ਵਾਦੀ ਦੇ ਚਾਰ ਜ਼ਿਲ੍ਹਿਆਂ ਤੇ 8 ਸੀਟਾਂ ਜੰਮੂ ਖਿੱਤੇ ਦੇ ਤਿੰਨ ਜ਼ਿਲ੍ਹਿਆਂ ਵਿਚ ਪੈਂਦੀਆਂ ਹਨ। ਸਾਲ 2019 ਵਿਚ ਧਾਰਾ 370 ਮਨਸੂਖ ਕੀਤੇ ਜਾਣ ਮਗਰੋਂ ਇਹ ਜੰਮੂ ਕਸ਼ਮੀਰ ਅਸੈਂਬਲੀ ਲਈ ਪਲੇਠੀ ਅਸੈਂਬਲੀ ਚੋਣਾਂ ਹਨ। ਭਲਕੇ 23 ਲੱਖ ਤੋਂ ਵੱਧ ਵੋਟਰ 90 ਆਜ਼ਾਦ ਉਮੀਦਵਾਰਾਂ ਸਣੇ 219 ਉਮੀਦਵਾਰਾਂ ਦੇ ਭਵਿੱਖ ਦਾ ਫ਼ੈਸਲਾ ਕਰਨਗੇ। ਪਹਿਲੇ ਗੇੜ ਲਈ ਕੁੱਲ 3276 ਪੋਲਿੰਗ ਸਟੇਸ਼ਨ ਬਣਾਏ ਗਏ ਹਨ ਤੇ ਪੋਲਿੰਗ ਸਟਾਫ਼ ਦੇ 14000 ਮੈਂਬਰ ਇਸ ਪੂਰੇ ਅਮਲ ਨੂੰ ਨੇਪਰੇ ਚਾੜ੍ਹਨਗੇ। ਆਈਜੀਪੀ ਕਸ਼ਮੀਰ ਜ਼ੋਨ ਵੀਕੇ ਬਿਰਦੀ ਨੇ ਕਿਹਾ ਕਿ ਪਹਿਲੇ ਗੇੜ ਲਈ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਕਿ ਵੱਧ ਤੋਂ ਵੱਧ ਲੋਕ ਆਪਣੇ ਜਮਹੂਰੀ ਹੱਕ ਦਾ ਇਸਤੇਮਾਲ ਕਰ ਸਕਣ, ਜਿਨ੍ਹਾਂ ਪ੍ਰਮੁੱਖ ਉਮੀਦਵਾਰਾਂ ਦੀ ਸਿਆਸੀ ਕਿਸਮਤ ਦਾ ਭਲਕੇ ਫੈਸਲਾ ਹੋਵੇਗਾ, ਉਨ੍ਹਾਂ ਵਿਚ ਸੀਪੀਐੱਮ ਦੇ ਮੁਹੰਮਦ ਯੂਸਫ਼ ਤਾਰੀਗਾਮੀ, ਕਾਂਗਰਸ ਦੇ ਗੁਲਾਮ ਅਹਿਮਦ ਮੀਰ, ਨੈਸ਼ਨਲ ਕਾਨਫਰੰਸ ਦੇ ਸਕੀਨਾ ਇਟੂ ਤੇ ਬਸ਼ੀਰ ਅਹਿਮਦ ਵੀਰੀ, ਪੀਡੀਪੀ ਦੀ ਇਲਤਿਜਾ ਮੁਫ਼ਤੀ ਤੇ ਸਰਤਾਜ ਮਦਨੀ ਅਤੇ ਭਾਜਪਾ ਦੇ ਸੋਫੀ ਮੁਹੰਮਦ ਯੂਸਫ਼ ਆਦਿ ਸ਼ਾਮਲ ਹਨ। -ਪੀਟੀਆਈ