ਅੰਮ੍ਰਿਤਸਰ (ਟਨਸ): ਬੀਐੱਸਐੱਫ ਨੇ ਸਰਹੱਦ ’ਤੇ ਪਿੰਡ ਰਤਨ ਖੁਰਦ ਨੇੜੇ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਮੁਕਾਇਆ ਹੈ। ਉਸ ਕੋਲੋਂ ਕੁਝ ਪਾਕਿਸਤਾਨੀ ਕਰੰਸੀ ਵੀ ਬਰਾਮਦ ਹੋਈ ਹੈ। ਬੀਐੱਸਐੱਫ ਅਧਿਕਾਰੀਆਂ ਨੇ ਦੱਸਿਆ ਕਿ ਬੀਤੀ ਰਾਤ ਲਗਪਗ 9.30 ਵਜੇ ਬੀਐੱਸਐੱਫ ਜਵਾਨਾਂ ਨੇ ਸਰਹੱਦ ਨੇੜੇ ਹਲਚਲ ਦੇਖੀ। ਇਸ ਦੌਰਾਨ ਇੱਕ ਵਿਅਕਤੀ ਨੂੰ ਪਾਕਿਸਤਾਨ ਵਾਲੇ ਪਾਸਿਓਂ ਭਾਰਤੀ ਸਰਹੱਦ ਅੰਦਰ ਦਾਖ਼ਲ ਹੁੰਦਿਆਂ ਦੇਖਿਆ ਗਿਆ। ਇਹ ਵਿਅਕਤੀ ਹਨੇਰੇ ਦਾ ਫਾਇਦਾ ਉਠਾਉਂਦਿਆਂ ਕੌਮਾਂਤਰੀ ਸਰਹੱਦ ਰਾਹੀਂ ਭਾਰਤ ’ਚ ਦਾਖ਼ਲ ਹੋ ਰਿਹਾ ਸੀ। ਬੀਐੱਸਐੱਫ ਜਵਾਨਾਂ ਵੱਲੋਂ ਲਲਕਾਰੇ ਜਾਣ ਦੇ ਬਾਵਜੂਦ ਉਹ ਅੱਗੇ ਵਧਦਾ ਰਿਹਾ। ਜਵਾਨਾਂ ਵੱਲੋਂ ਕੀਤੀ ਗੋਲੀਬਾਰੀ ਵਿੱਚ ਉਹ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਉਸ ਕੋਲੋਂ ਪਾਕਿਸਤਾਨੀ ਕਰੰਸੀ ਦੇ 270 ਰੁਪਏ ਬਰਾਮਦ ਹੋਏ ਹਨ।