ਲੁਸਾਨੇ (ਸਵਿਟਜ਼ਰਲੈਂਡ), 17 ਸਤੰਬਰ
ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੂੰ ਅੱਜ ਐੱਫਆਈਐੱਚ (ਕੌਮਾਂਤਰੀ ਹਾਕੀ ਫੈਡਰੇਸ਼ਨ) ਵੱਲੋਂ ਸਾਲ ਦੇ ਸਰਬੋਤਮ ਖਿਡਾਰੀ ਦੇ ਪੁਰਸਕਾਰ ਲਈ ਨਾਮਜ਼ਦ ਕੀਤਾ ਗਿਆ ਹੈ, ਜਦਕਿ ਪੀਆਰ ਸ੍ਰੀਜੇਸ਼ ਸਾਲ ਦੇ ਸਰਬੋਤਮ ਗੋਲਕੀਪਰ ਦੇ ਪੁਰਸਕਾਰ ਲਈ ਦਾਅਵੇਦਾਰ ਹੋਵੇਗਾ। ਹਰਮਨਪ੍ਰੀਤ ਅਤੇ ਸ੍ਰੀਜੇਸ਼ ਦੋਵਾਂ ਨੇ ਪੈਰਿਸ ਓਲੰਪਿਕ ਵਿੱਚ ਭਾਰਤ ਦੀ ਸ਼ਾਨਦਾਰ ਮੁਹਿੰਮ ਵਿੱਚ ਅਹਿਮ ਭੂਮਿਕਾ ਨਿਭਾਈ, ਜਿੱਥੇ ਟੀਮ ਨੇ ਕਾਂਸੇ ਦਾ ਤਗ਼ਮਾ ਜਿੱਤਿਆ ਸੀ। ਕਪਤਾਨ ਹਰਮਨਪ੍ਰੀਤ ਨੇ 10 ਗੋਲ ਕਰਕੇ ਟੀਮ ਦੀ ਸ਼ਾਨਦਾਰ ਅਗਵਾਈ ਕੀਤੀ। ਉਹ ਇਸ ਓਲੰਪਿਕ ਵਿੱਚ ਸਭ ਤੋਂ ਵੱਧ ਗੋਲ ਕਰਨ ਵਾਲਾ ਖਿਡਾਰੀ ਸੀ।
ਹਰਮਨਪ੍ਰੀਤ ਇਸ ਪੁਰਸਕਾਰ ਲਈ ਥੀਏਰੀ ਬ੍ਰਿੰਕਮੈਨ (ਨੈਦਰਲੈਂਡਜ਼), ਜੋਏਪ ਡੀ ਮੋਲ (ਨੈਦਰਲੈਂਡਜ਼), ਹੈਨੇਸ ਮੂਲਰ (ਜਰਮਨੀ) ਅਤੇ ਜ਼ੈਕ ਵਾਲੇਸ (ਇੰਗਲੈਂਡ) ਦੇ ਨਾਲ ਦੌੜ ਵਿੱਚ ਸ਼ਾਮਲ ਹੈ। ਭਾਰਤ ਲਈ ਆਪਣੇ ਆਖਰੀ ਟੂਰਨਾਮੈਂਟ ਵਿੱਚ ਖੇਡਦਿਆਂ ਤਜਰਬੇਕਾਰ ਸ੍ਰੀਜੇਸ਼ ਨੇ ਪੂਰੇ ਟੂਰਨਾਮੈਂਟ ਵਿੱਚ ਸ਼ਾਨਦਾਰ ਗੋਲਕੀਪਿੰਗ ਕੀਤੀ। ਉਸ ਨੇ ਗ੍ਰੇਟ ਬ੍ਰਿਟੇਨ ਖ਼ਿਲਾਫ਼ ਕੁਆਰਟਰ ਫਾਈਨਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਸ੍ਰੀਜੇਸ਼ ਦਾ ਮੁਕਾਬਲਾ ਪਿਰਮਿਨ ਬਲੈਕ (ਨੈਦਰਲੈਂਡਜ਼), ਲੁਈਸ ਕੈਲਜ਼ਾਡੋ (ਸਪੇਨ), ਜੀਨ ਪੌਲ ਡੈਨਬਰਗ (ਜਰਮਨੀ) ਅਤੇ ਟੋਮਸ ਸੈਂਟੀਆਗੋ (ਅਰਜਨਟੀਨਾ) ਨਾਲ ਹੈ। ਐੱਫਆਈਐੱਚ ਨੇ ਆਪਣੀ ਵੈੱਬਸਾਈਟ ’ਤੇ ਇਸ ਦੀ ਸੂਚੀ ਜਾਰੀ ਕੀਤੀ ਹੈ। -ਪੀਟੀਆਈ