ਨਵੀਂ ਦਿੱਲੀ, 17 ਸਤੰਬਰ
ਕਾਂਗਰਸ ਨੇ ਅੱਜ ਦਾਅਵਾ ਕੀਤਾ ਕਿ ਮੋਦੀ-3.0 ਸਰਕਾਰ ਦੇ ਕਾਰਜਕਾਲ ਦੇ ਪਹਿਲੇ ਸੌ ਦਿਨ ਕਈ ਯੂ-ਟਰਨ ਤੇ ਘੁਟਾਲਿਆਂ ਭਰੇ ਰਹੇ, ਜਿਸ ਵਿੱਚ ਸਰਕਾਰ ਇੱਕ ਵਾਰ ਫਿਰ ਭਾਰਤ ਦੇ ‘ਵੱਡੇ ਪੱਧਰ ’ਤੇ ਬੇਰੁਜ਼ਗਾਰੀ ਸੰਕਟ’ ਨਾਲ ਨਜਿੱਠਣ ’ਚ ਨਾਕਾਮ ਰਹੀ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਪ੍ਰਧਾਨ ਮੰਤਰੀ ਤੇ ਉਨ੍ਹਾਂ ਦੇ ਢੋਲ ਖੜਕਾਉਣ ਵਾਲੇ ਅਰਥਸ਼ਾਸਤਰੀਆਂ’ ਨੇ ਰੁਜ਼ਗਾਰ ਰਹਿਤ ਵਿਕਾਸ ਦੇ ਵਿਚਾਰ ’ਤੇ ਹਮਲਾ ਕੀਤਾ ਹੈ ਪਰ 2014 ਮਗਰੋਂ ਜੋ ਦੇਖਿਆ ਗਿਆ ਉਸ ਦੀ ਅਸਲੀਅਤ ਸ਼ਾਇਦ ਹੋਰ ਵੀ ਵੱਧ ਸਪੱਸ਼ਟ ਹੈ ਤੇ ਉਹ ‘ਨੌਕਰੀ-ਨੁਕਸਾਨ’ ਵਿਕਾਸ ਹੈ। ਰਮੇਸ਼ ਨੇ ਕਿਹਾ ਕਿ ਇਹ ਸੰਕਟ ਸਰਕਾਰ ਵੱਲੋਂ ਖੁਦ ਪੈਦਾ ਕੀਤਾ ਗਿਆ ਹੈ ਜੋ ਨੋਟਬੰਦੀ, ਕਾਹਲੀ ਨਾਲ ਲਾਗੂ ਕੀਤੇ ਗਏ ਜੀਐੱਸਟੀ, ਬਿਨਾਂ ਯੋਜਨਾ ਦੇ ਕੋਵਿਡ-19 ਲੌਕਡਾਊਨ ਤੇ ਚੀਨ ਤੋਂ ਵੱਧਦੀ ਦਰਾਮਦ ਕਾਰਨ ਰੁਜ਼ਗਾਰ ਪੈਦਾ ਕਰਨ ਵਾਲੀ ਐੱਮਐੱਸਐੱਮਈ ਦੀ ਤਬਾਹੀ ਕਾਰਨ ਹੋਇਆ ਹੈ। -ਪੀਟੀਆਈ