ਮੁੰਬਈ, 17 ਸਤੰਬਰ
ਆਲਮੀ ਬਾਜ਼ਾਰਾਂ ਵਿਚ ਮਜ਼ਬੂਤ ਰੁਝਾਨਾਂ ਦੇ ਮੱਦੇਨਜ਼ਰ ਸ਼ੇਅਰ ਬਾਜ਼ਾਰ ਦੇ ਦੋਵੇਂ ਸੂਚਕ ਅੰਕ ਸੈਂਸੈਕਸ ਤੇ ਨਿਫਟੀ ਹੁਣ ਤੱਕ ਦੀਆਂ ਨਵੀਆਂ ਬੁਲੰਦੀਆਂ ’ਤੇ ਪੁੱਜ ਗਏ ਹਨ। ਅਮਰੀਕਾ ਵਿੱਚ ਵਿਆਜ ਦਰਾਂ ਘਟਣ ਦੀ ਉਮੀਦ ਕਾਰਨ ਬੀਐਸਈ ਸੈਂਸੈਕਸ ਅੱਜ ਲਗਪਗ 91 ਅੰਕ, ਜਦਕਿ ਨਿਫਟੀ 34.80 ਅੰਕ ਚੜ੍ਹ ਕੇ ਬੰਦ ਹੋਏ। ਰਿਕਾਰਡ ਬਣਾਉਣ ਦਾ ਸਿਲਸਿਲਾ ਦੂਜੇ ਦਿਨ ਜਾਰੀ ਰੱਖਦਿਆਂ 30 ਸ਼ੇਅਰਾਂ ਵਾਲਾ ਬੀਐਸਈ ਸੈਂਸੈਕਸ 90.88 ਨੁਕਤਿਆਂ ਭਾਵ 0.11 ਫੀਸਦ ਚੜ੍ਹ ਕੇ 83,079.66 ਅੰਕੜਿਆਂ ਦੀ ਨਵੀਂ ਸਿਖਰ ’ਤੇ ਬੰਦ ਹੋਇਆ। ਉਂਝ ਕਾਰੋਬਾਰ ਦੌਰਾਨ ਸੈਂਸੈਕਸ ਨੇ ਇਕ ਵਾਰ 163.33 ਅੰਕਾਂ ਦੇ ਉਛਾਲ ਨਾਲ 83,152.41 ਅੰਕਾਂ ਦੇ ਨਵੇਂ ਸਿਖਰਲੇ ਪੱਧਰ ਨੂੰ ਵੀ ਛੋਹਿਆ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ ਵੀ 34.80 ਅੰਕਾਂ ਭਾਵ 0.14 ਫੀਸਦ ਵਧ ਕੇ 25,418.55 ਅੰਕਾਂ ਦੇ ਰਿਕਾਰਡ ਪੱਧਰ ’ਤੇ ਬੰਦ ਹੋਇਆ। -ਪੀਟੀਆਈ