ਜੈਪੁਰ, 17 ਸਤੰਬਰ
ਰਾਜਸਥਾਨ ’ਚ ਮਹਿਲਾ ਸਰਪੰਚ ਨੇ ਘੁੰਡ ਕੱਢ ਕੇ ਆਪਣੀ ਫਰਾਟੇਦਾਰ ਅੰਗਰੇਜ਼ੀ ਨਾਲ ਨੌਕਰਸ਼ਾਹ ਟੀਨਾ ਡਾਬੀ ਅਤੇ ਹੋਰਾਂ ਨੂੰ ਹੈਰਾਨ ਕਰ ਦਿੱਤਾ। ਇਸ ਸਬੰਧੀ ਵੀਡੀਓ ਲੋਕਾਂ ਦਾ ਧਿਆਨ ਖਿੱਚ ਰਹੀ ਹੈ ਅਤੇ ਲੋਕ ਉਸ ਦੇ ਭਾਸ਼ਣ ਦੀ ਸ਼ਲਾਘਾ ਕਰ ਰਹੇ ਹਨ। ਇਸ ਮਹਿਲਾ ਸਰਪੰਚ ਦੇ ਅੰਗਰੇਜ਼ੀ ’ਚ ਦਿੱਤੇ ਪ੍ਰਭਾਵਸ਼ਾਲੀ ਭਾਸ਼ਣ ’ਤੇ ਪ੍ਰਤੀਕਿਰਿਆ ਵਾਇਰਲ ਹੋਣ ਮਗਰੋਂ ਆਈਏਐੱਸ ਅਧਿਕਾਰੀ ਟੀਨਾ ਡਾਬੀ ਫਿਰ ਸੁਰਖੀਆਂ ’ਚ ਹੈ।
ਇਹ ਘਟਨਾ ਰਾਜਸਥਾਨ ਦੇ ਬਾੜਮੇਰ ’ਚ ਸਮਾਗਮ ਦੀ ਹੈ, ਜਿੱਥੇ ਡਾਬੀ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ। ਡਾਬੀ ਨੇ ਕੁਝ ਸਮਾਂ ਪਹਿਲਾਂ ਹੀ ਬਾੜਮੇਲ ਜ਼ਿਲ੍ਹੇ ਦੀ ਕੁਲੈਕਟਰ ਵਜੋਂ ਅਹੁਦਾ ਸੰਭਾਲਿਆ ਹੈ। ਇਸ ਸਬੰਧੀ ਵਾਇਰਲ ਹੋਈ ਵੀਡੀਓ ’ਚ ਰਵਾਇਤੀ ਰਾਜਸਥਾਨੀ ਪਹਿਰਾਵੇ ’ਚ ਸਰਪੰਚ ਸੋਨੂ ਕੰਵਰ ਆਤਮ ਵਿਸ਼ਵਾਸ ਨਾਲ ਸਾਰਿਆਂ ਨੂੰ ਅੰਗਰੇਜ਼ੀ ਵਿੱਚ ਸੰਬੋਧਨ ਕਰਦੀ ਦਿਖਾਈ ਦੇ ਰਹੀ ਹੈ। ਸਰਪੰਚ ਨੇ ਕਿਹਾ, ‘ਮੈਨੂੰ ਇਸ ਦਿਨ ਦਾ ਹਿੱਸਾ ਬਣ ਕੇ ਖੁਸ਼ੀ ਮਹਿਸੂਸ ਹੋ ਰਹੀ ਹੈ। ਸਭ ਤੋਂ ਪਹਿਲਾਂ ਮੈਂ ਸਾਡੀ ਕੁਲੈਕਟਰ ਟੀਨਾ ਮੈਡਮ ਦਾ ਸਵਾਗਤ ਕਰਦੀ ਹਾਂ। ਮਹਿਲਾ ਹੋਣ ਦੇ ਨਾਤੇ ਟੀਨਾ ਮੈਡਮ ਦਾ ਸਵਾਗਤ ਕਰਨਾ ਸਨਮਾਨ ਦੀ ਗੱਲ ਹੈ।’ ਇਸ ਮਗਰੋਂ ਉਨ੍ਹਾਂ ਜਲ ਸੰਭਾਲ ਬਾਰੇ ਗੱਲ ਕੀਤੀ। ਉਨ੍ਹਾਂ ਲਈ ਜਿੱਥੇ ਹਾਜ਼ਰੀਨ ਨੇ ਤਾੜੀਆਂ ਵਜਾਈਆਂ ਉੱਥੇ ਹੀ ਡਾਬੀ ਦੀ ਵੀ ਸ਼ਲਾਘਾ ਕੀਤੀ, ਜੋ ਕੰਵਰ ਦੀ ਅੰਗਰੇਜ਼ੀ ’ਚ ਮੁਹਾਰਤ ਤੋਂ ਹੈਰਾਨ ਸਨ। ਸੋਸ਼ਲ ਮੀਡੀਆ ਯੂਜਰਜ਼ ’ਚੋਂ ਇੱਕ ਨੇ ਵੀਡੀਓ ਦੇਖ ਕੇ ਲਿਖਿਆ, ‘ਇਹ ਸਾਡੇ ਦੇਸ਼ ਦੀ ਅੱਜ ਦੀ ਔਰਤ ਦੀ ਤਾਕਤ ਹੈ।’ ਇੱਕ ਹੋਰ ਨੇ ਲਿਖਿਆ, ‘ਭਾਰਤੀ ਮਹਿਲਾਵਾਂ ਕੋਲ ਬਹੁਤ ਸਾਰਾ ਹੁਨਰ ਤੇ ਗਿਆਨ ਹੈ।’ ਤੀਜੇ ਨੇ ਲਿਖਿਆ, ‘ਸਾਡੇ ਮੁਲਕ ਨੂੰ ਪੜ੍ਹੇ-ਲਿਖੇ ਆਗੂਆਂ ਦੀ ਲੋੜ ਹੈ।’ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਟੀਨਾ ਡਾਬੀ ਨੇ ਸਾਲ 2015 ’ਚ ਆਪਣੀ ਪਹਿਲੀ ਕੋਸ਼ਿਸ਼ ਵਿੱਚ ਹੀ ਯੂਪੀਐੱਸਸੀ ਦੀ ਪ੍ਰੀਖਿਆ ’ਚ ਪਹਿਲਾ ਸਥਾਨ ਹਾਸਲ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੀ ਭੈਣ ਰੀਆ ਡਾਬੀ ਨੇ ਵੀ 2020 ਵਿੱਚ ਯੂਪੀਐੱਸਸੀ ਪ੍ਰੀਖਿਆ ’ਚ 15ਵਾਂ ਰੈਂਕ ਹਾਸਲ ਕੀਤਾ ਸੀ। -ਏਜੰਸੀਆਂ