ਜੈਪੁਰ, 17 ਸਤੰਬਰ
ਉਪ ਰਾਸ਼ਟਰਪਤੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ‘ਸਵੱਛ ਭਾਰਤ ਮਿਸ਼ਨ’ ਮਹਿਲਾ ਸ਼ਕਤੀਕਰਨ ਅਤੇ ਰੋਜ਼ੀ-ਰੋਟੀ ਪੈਦਾ ਕਰਨ ਦਾ ਇੱਕ ਸ਼ਕਤੀਸ਼ਾਲੀ ਸਾਧਨ ਹੈ ਅਤੇ ਇਸ ਨੇ ਸਫ਼ਾਈ ਪ੍ਰਤੀ ਲੋਕਾਂ ਦੀ ਮਾਨਸਿਕਤਾ ਵਿੱਚ ਕ੍ਰਾਂਤੀਕਾਰੀ ਤਬਦੀਲੀ ਲਿਆਂਦੀ ਹੈ। ਇੱਥੇ ਪਰਮਵੀਰ ਪੀਰੂ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਝੁਨਝੁਨੂ ਵਿੱਚ ‘ਸਵੱਛਤਾ ਹੀ ਸੇਵਾ 2024’ ਮੁਹਿੰਮ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘ਇਸ ਦਹਾਕੇ ਦੌਰਾਨ ਪ੍ਰਧਾਨ ਮੰਤਰੀ ਦੀਆਂ ਪਹਿਲਕਦਮੀਆਂ ਨੇ ਲੋਕਾਂ ਦੀ ਮਾਨਸਿਕਤਾ ਵਿੱਚ ਕ੍ਰਾਂਤੀਕਾਰੀ ਅਤੇ ਵਿਆਪਕ ਤਬਦੀਲੀ ਲਿਆਂਦੀ ਹੈ। ਸਫ਼ਾਈ ਪ੍ਰਤੀ ਉਨ੍ਹਾਂ ਦਾ ਨਜ਼ਰੀਆ ਬਦਲ ਗਿਆ ਹੈ।’
ਉਨ੍ਹਾਂ ਕਿਹਾ, ‘ਇੱਕ ਦਹਾਕੇ ਬਾਅਦ ਅੱਜ ਨਵੀਂ ਸ਼ੁਰੂਆਤ ਹੋਣ ਜਾ ਰਹੀ ਹੈ। ਇਹ ਮੁਹਿੰਮ ਸਫਾਈ ਤੱਕ ਸੀਮਤ ਨਹੀਂ ਰਹਿਣੀ ਚਾਹੀਦੀ। ਇਹ ਸਾਡੇ ਵਿਚਾਰਾਂ ਅਤੇ ਆਦਤਾਂ ਵਿੱਚ ਤਬਦੀਲੀ ਲਿਆਏਗੀ, ਜੀਵਨ ਸ਼ੈਲੀ ’ਤੇ ਸਕਾਰਾਤਮਕ ਪ੍ਰਭਾਵ ਪਾਏਗੀ ਅਤੇ ਆਰਥਿਕ ਵਿਕਾਸ ਵਿੱਚ ਅਹਿਮ ਯੋਗਦਾਨ ਪਾਏਗੀ।’ ਸਵੱਛ ਭਾਰਤ ਮੁਹਿੰਮ ਰਾਹੀਂ ਰੁਜ਼ਗਾਰ ਸਿਰਜਣ ’ਤੇ ਜ਼ੋਰ ਦਿੰਦਿਆਂ ਉਪ ਰਾਸ਼ਟਰਪਤੀ ਨੇ ਕਿਹਾ, ‘ਇਸ ਸਮੇਂ ਦੇਸ਼ ਵਿੱਚ ਸਾਡੇ ਕੋਲ 10 ਹਜ਼ਾਰ ਸਵੈ-ਸਹਾਇਤਾ ਗਰੁੱਪ ਹਨ ਜੋ ਇਸ ਮਿਸ਼ਨ ਤੋਂ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਰਾਹੀਂ ਦੇਸ਼ ਵਿੱਚ ਨਾਰੀ ਸ਼ਕਤੀ ਨੂੰ ਆਰਥਿਕ ਵਿਕਾਸ ਅਤੇ ਸਵੈ-ਨਿਰਭਰਤਾ ਦੀ ਨਵੀਂ ਰਫ਼ਤਾਰ ਮਿਲੀ ਹੈ।
‘ਮੇਰਾ ਯੁਵਾ ਭਾਰਤ’ ਪ੍ਰੋਗਰਾਮ ਦੀ ਸ਼ਲਾਘਾ ਕਰਦਿਆਂ ਉਪ ਰਾਸ਼ਟਰਪਤੀ ਨੇ ਸਾਰੇ ਉਪ ਕੁਲਪਤੀਆਂ ਅਤੇ ਪ੍ਰਿੰਸੀਪਲਾਂ ਨੂੰ ਇਸ ਪ੍ਰੋਗਰਾਮ ਨਾਲ ਨੌਜਵਾਨਾਂ ਨੂੰ ਜੋੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, ‘ਵਿਕਸਤ ਭਾਰਤ ਨਾਲ ਜੁੜਨ ਲਈ ਡੇਢ ਕਰੋੜ ਨੌਜਵਾਨ ਅੱਗੇ ਆਏ ਹਨ। ਇਹ ਉਨ੍ਹਾਂ ਦੀ ਮਾਨਸਿਕਤਾ ਨੂੰ ਬਦਲੇਗਾ ਅਤੇ ਰਾਸ਼ਟਰਵਾਦ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਵਿੱਚ ਸੁਧਾਰ ਕਰੇਗਾ।’
ਧਨਖੜ ਨੇ ਕਿਹਾ ਕਿ ਭਾਰਤ ਦੁਨੀਆ ਵਿੱਚ ਮਿਸਾਲ ਬਣ ਗਿਆ ਹੈ। ਉਨ੍ਹਾਂ ਕਿਹਾ, ‘ਅੱਜ-ਕੱਲ੍ਹ ਕੂੜੇ ਤੋਂ ਈਂਧਨ ਅਤੇ ਊਰਜਾ ਬਣ ਰਹੀ ਹੈ ਅਤੇ ਮੈਂ ਪ੍ਰਦਰਸ਼ਨੀ ਵਿੱਚ ਕੂੜੇ ਤੋਂ ਖਾਦ ਬਣਦੀ ਦੇਖੀ ਹੈ। ਇਸ ਨੂੰ ਊਰਜਾ ਅਤੇ ਖਾਦ ਵਿੱਚ ਬਦਲਿਆ ਜਾ ਰਿਹਾ ਹੈ।’ ਉਨ੍ਹਾਂ ਕਿਹਾ, ‘ਸਵੱਛਤਾ ਅਭਿਆਨ ਤੋਂ ਪਹਿਲਾਂ ਦੇਸ਼ ਕੂੜੇ ਦੇ ਚੱਕਰ ਵਿੱਚ ਫਸਿਆ ਹੋਇਆ ਸੀ ਅਤੇ ਅੱਜ ਕੂੜਾ ਸਰਕੂਲਰ ਅਰਥਚਾਰੇ ਵਿੱਚ ਫਸਿਆ ਹੋਇਆ ਹੈ।’ ਇਸ ਦੌਰਾਨ ਕੇਂਦਰੀ ਰਿਹਾਇਸ਼ ਅਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਮਨੋਹਰ ਲਾਲ, ਰਾਜਸਥਾਨ ਸਰਕਾਰ ਵਿੱਚ ਸਮਾਜਿਕ ਨਿਆਂ ਮੰਤਰੀ ਅਵਿਨਾਸ਼ ਗਹਿਲੋਤ ਵੀ ਮੌਜੂਦ ਸਨ। -ਪੀਟੀਆਈ