ਵਾਸ਼ਿੰਗਟਨ, 17 ਸਤੰਬਰ
ਅਮਰੀਕਾ ਦੀ ਸੀਨੀਅਰ ਅਧਿਕਾਰੀ ਨਿਸ਼ਾ ਬਿਸਵਾਲ ਨੇ ਭਾਰਤ ਦੀ ਆਪਣੀ ਹਾਲੀਆ ਫੇਰੀ ਦੌਰਾਨ ਕਿਹਾ ਕਿ ਭਾਰਤ ਅਤੇ ਅਮਰੀਕਾ ਸਥਾਨਕ ਅਤੇ ਆਲਮੀ ਸਮੱਸਿਆਵਾਂ ਦੇ ਹੱਲ ਲਈ ਰਲ ਕੇ ਕੰਮ ਕਰ ਰਹੇ ਹਨ। ਅੱਜ ਜਾਰੀ ਮੀਡੀਆ ਰਿਲੀਜ਼ ਅਨੁਸਾਰ ਅਮਰੀਕੀ ਕੌਮਾਂਤਰੀ ਵਿਕਾਸ ਵਿੱਤ ਨਿਗਮ (ਡੀਐੱਫਸੀ) ਦੀ ਉਪ ਮੁੱਖ ਕਾਰਜਕਾਰੀ ਅਧਿਕਾਰੀ ਨਿਸ਼ਾ ਬਿਸਵਾਲ ਨੇ 10 ਤੋਂ 14 ਸਤੰਬਰ ਤੱਕ ਮੁੰਬਈ ਅਤੇ ਨਵੀਂ ਦਿੱਲੀ ਦੇ ਆਪਣੇ ਦੌਰੇ ਦੌਰਾਨ ਵਿਕਾਸ ਨਾਲ ਸਬੰਧਤ ਤਰਜੀਹਾਂ ਨੂੰ ਅੱਗੇ ਵਧਾਉਣ ਅਤੇ ਵਿਸ਼ਵ ਦੀਆਂ ਸਭ ਤੋਂ ਅਹਿਮ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਨਾਲ ਡੀਐੱਫਸੀ ਦੀ ਭਾਈਵਾਲੀ ’ਤੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਨੇ ‘ਯੂਐੱਸ-ਇੰਡੀਆ ਬਿਜ਼ਨਸ ਕੌਂਸਲ’ (ਯੂਐੱਸਆਈਬੀਸੀ) ਦੇ ‘ਇੰਡੀਆ ਆਈਡੀਆਜ਼’ ਸੰਮੇਲਨ ਵਿੱਚ ਦੋਵਾਂ ਦੇਸ਼ਾਂ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿਚਾਲੇ ਲੰਮੇ ਸਮੇਂ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਡੀਐੱਫਸੀ ਦੇ ਰਣਨੀਤਕ ਦ੍ਰਿਸ਼ਟੀਕੋਣ ਬਾਰੇ ਗੱਲਬਾਤ ਕੀਤੀ। ਆਪਣੀ ਫੇਰੀ ਦੌਰਾਨ ਬਿਸਵਾਲ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ, ਐਕਜ਼ਿਮ ਬੈਂਕ ਦੇ ਪ੍ਰਬੰਧ ਨਿਰਦੇਸ਼ਕ ਹਰਸ਼ਾ ਬੰਗਾਰੀ ਅਤੇ ਮੁੱਖ ਜਨਰਲ ਮੈਨੇਜਰ ਟੀਡੀ ਸ਼ਿਵਕੁਮਾਰ ਸਮੇਤ ਸੀਨੀਅਰ ਭਾਰਤੀ ਆਗੂਆਂ ਅਤੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ। -ਪੀਟੀਆਈ