ਨਵੀਂ ਦਿੱਲੀ, 17 ਸਤੰਬਰ
ਪਾਣੀ ਦੀ ਸੰਭਾਲ ਦੀ ਲੋੜ ’ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅੱਜ ਇੱਥੇ ਕਿਹਾ ਕਿ ਪਾਣੀ ਦੀ ਹਰ ਬੂੰਦ ਮੋਤੀ ਵਾਂਗ ਕੀਮਤੀ ਹੈ ਅਤੇ ਇਸ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਣੀ ਚਾਹੀਦੀ ਹੈ। ਅੱਠਵੇਂ ਭਾਰਤ ਜਲ ਹਫ਼ਤਾ ਸੰਮੇਲਨ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਪੌਦੇ ਲਾਉਣ ਰਾਹੀਂ ਹੁੰਦੀ ਜ਼ਮੀਨੀ ਪਾਣੀ ਦੀ ਪੂਰਤੀ ਦੇ ਮਹੱਤਵ ਨੂੰ ਵੀ ਉਭਾਰਿਆ। ਉਨ੍ਹਾਂ ਕਿਹਾ, ‘ਸਾਨੂੰ ਪੌਦੇ ਲਗਾ ਕੇ ਧਰਤੀ ਹੇਠਲੇ ਪਾਣੀ ਦਾ ਪੱਧਰ ਵਧਾਉਣਾ ਚਾਹੀਦਾ ਹੈ। ਹਰ ਮਾਂ ਦੇ ਨਾਮ ’ਤੇ ਲਾਇਆ ਗਿਆ ਪੌਦਾ ਉਸ ਦੀ ਵਿਰਾਸਤ ਨੂੰ ਸ਼ਰਧਾਂਜਲੀ ਹੋਵੇਗਾ।’ ਉਨ੍ਹਾਂ ਕਿਹਾ. ‘ਬੂੰਦ ਬੂੰਦ ਨਾਲ ਸਾਗਰ ਬਣਦਾ ਹੈ, ਇਸ ਕਰਕੇ ਪਾਣੀ ਬਚਾਉਣਾ ਸਾਰਿਆਂ ਦੀ ਜ਼ਿੰਮੇਵਾਰੀ ਹੈ।’
ਰਾਸ਼ਟਰਪਤੀ ਨੇ ਟਿਕਾਊ ਭਵਿੱਖ ਲਈ ਜਲ ਪ੍ਰਬੰਧਨ ਵਿੱਚ ਭਾਈਚਾਰਕ ਹਿੱਸੇਦਾਰੀ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ। ਜਲ ਜੀਵਨ ਮਿਸ਼ਨ ਰਾਹੀਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 2021 ਤੋਂ ਬਾਅਦ ਸਥਾਨਕ ਪੱਧਰ ’ਤੇ ਪਾਣੀ ਦੀ ਕਮੀ ਨੂੰ ਦੂਰ ਕਰਨ ਲਈ ਮੁਹਿੰਮਾਂ ਸ਼ੁਰੂ ਕਰਨ ਮਗਰੋਂ ਅਹਿਮ ਬਦਲਾਅ ਆਏ ਹਨ। ਉਨ੍ਹਾਂ ਆਲਮੀ ਪੱਧਰ ’ਤੇ ਸਾਫ਼ ਪਾਣੀ ਦੀ ਸੀਮਤ ਉਪਲਬਧਤਾ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਦੁਨੀਆ ਦਾ ਸਿਰਫ਼ 2.5 ਫ਼ੀਸਦੀ ਪਾਣੀ ਹੀ ਸਾਫ਼ ਹੈ ਅਤੇ ਇਸ ਵਿਚੋਂ ਵੀ ਸਿਰਫ਼ ਇੱਕ ਫ਼ੀਸਦ ਹੀ ਮਨੁੱਖੀ ਵਰਤੋਂ ਲਈ ਮੁਹੱਈਆ ਹੈ। ਮੁਰਮੂ ਨੇ ਕਿਹਾ, ‘ਪਾਣੀ ਬਾਰੇ ਜਾਗਰੂਕਤਾ ਬਹੁਤ ਜ਼ਰੂਰੀ ਹੈ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਪਾਣੀ ਦੀ ਸੰਭਾਲ ਨੂੰ ਲੈ ਕੇ ਹਰ ਕਿਸੇ ਨੂੰ ਜਾਗਰੂਕ ਕੀਤਾ ਜਾਵੇ।’ ਮੁਰਮੂ ਨੇ ਸਮੂਹਿਕ ਰੂਪ ਵਿੱਚ ਕਾਰਵਾਈ ਦੀ ਲੋੜ ਬਾਰੇ ਕਿਹਾ ਕਿਹਾ, ‘ਪਾਣੀ ਦੀ ਸੰਭਾਲ ਇੱਕ-ਦੋ ਵਿਅਕਤੀਆਂ ਦੀਆਂ ਕੋਸ਼ਿਸ਼ਾਂ ਨਾਲ ਨਹੀਂ ਕੀਤੀ ਜਾ ਸਕਦੀ। ਹਰ ਨਾਗਰਿਕ ਨੂੰ ਇਸ ਕੀਮਤੀ ਸਰੋਤ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਵਿੱਚ ਆਪਣੀ ਭੂਮਿਕਾ ਨਿਭਾਉਣੀ ਚਾਹੀਦੀ ਹੈ।’ ਉਨ੍ਹਾਂ ਉਮੀਦ ਪ੍ਰਗਟਾਈ ਕਿ ਸਮਾਗਮ ਵਿੱਚ ਕੀਤਾ ਗਿਆ ਵਿਚਾਰ-ਵਟਾਂਦਰਾ ਇਸ ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪਾਣੀ ਦੀ ਸੰਭਾਲ ਲਈ ਸਰਗਰਮੀ ਨਾਲ ਕੰਮ ਕਰਨ ਲਈ ਉਤਸ਼ਾਹਿਤ ਕਰੇਗਾ। -ਪੀਟੀਆਈ