ਨਵੀਂ ਦਿੱਲੀ: ਦਿਲਜੀਤ ਦੋਸਾਂਝ ਦੇ ਅਗਲੇ ਮਹੀਨੇ ਦਿੱਲੀ ਵਿੱਚ ਹੋਣ ਵਾਲੇ ‘ਦਿਲ-ਲੁਮਿਨਾਤੀ’ ਸੰਗੀਤ ਸਮਾਗਮ ਸਬੰਧੀ ਦਿੱਲੀ ਪੁਲੀਸ ਨੇ ਸੋਸ਼ਲ ਮੀਡੀਆ ’ਤੇ ਚਿਤਾਵਨੀ ਜਾਰੀ ਕੀਤੀ ਹੈ। ਪੁਲੀਸ ਨੇ ਆਮ ਲੋਕਾਂ ਨੂੰ ਸੰਗੀਤ ਸਮਾਗਮ ਦੀਆਂ ਟਿਕਟਾਂ ਦੀ ਖ਼ਰੀਦ ਸਬੰਧੀ ਕਿਸੇ ਵੀ ਤਰ੍ਹਾਂ ਦੇ ਸਾਈਬਰ ਠੱਗਾਂ ਦੇ ਝਾਂਸੇ ਤੋਂ ਬਚ ਕੇ ਰਹਿਣ ਦੀ ਚਿਤਾਵਨੀ ਦਿੱਤੀ ਹੈ। ਦਿੱਲੀ ਪੁਲੀਸ ਨੇ ਦਿਲਜੀਤ ਦੇ ਸੰਗੀਤ ਸਮਾਗਮ ਦੀ ਵੀਡੀਓ ਵੀ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਦਾ ਮਸ਼ਹੂਰ ਗੀਤ ‘ਬੋਰਨ ਟੂ ਸ਼ਾਈਨ’ ਚੱਲ ਰਿਹਾ ਹੈ। ਇਸ ਵੀਡੀਓ ਨਾਲ ਦਿੱਲੀ ਪੁਲੀਸ ਨੇ ‘ਪੈਸੇ-ਪੂਸੇ ਬਾਰੇ ਸੋਚੇ ਦੁਨੀਆ, ਅਲਰਟ ਰਹਿ ਕੇ ਆਨਲਾਈਨ ਧੋਖੇ ਤੋਂ ਬਚੇ ਦੁਨੀਆ’ ਕੈਪਸ਼ਨ ਲਿਖੀ ਹੈ। ਦਿੱਲੀ ਪੁਲੀਸ ਦੇ ਇਸ ਪੋਸਟ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਖੁਦ ਵੀ ਇਸ ਚਿਤਾਵਨੀ ਨੂੰ ਆਪਣੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਹੈ। ਇੰਸਟਾਗ੍ਰਾਮ ਸਟੋਰੀ ’ਤੇ ਉਸ ਨੇ ਚਿਤਾਵਨੀ ਦੇਣ ਵਾਲੇ ਅਧਿਕਾਰੀਆਂ ਦੇ ਸਨਮਾਨ ’ਚ ‘ਮੁੱਠੀ ਵਾਲੀ ਇਮੋਜੀ’ ਵੀ ਭੇਜੀ ਹੈ। ਦਿਲਜੀਤ ਅਗਲੇ ਮਹੀਨੇ ਆਪਣੇ ਭਾਰਤੀ ਦੌਰੇ ਦੀ ਸ਼ੁਰੂਆਤ ਕਰਨਗੇ। ਇਹ ਦੌਰਾ 26 ਅਕਤੂਬਰ ਨੂੰ ਦਿੱਲੀ ਦੇ ਪ੍ਰਸਿੱਧ ਜਵਾਹਰ ਲਾਲ ਨਹਿਰੂ ਸਟੇਡੀਅਮ ਤੋਂ ਸ਼ੁਰੂ ਹੋਵੇਗਾ। -ਏਐੱਨਆਈ