ਪੱਤਰ ਪ੍ਰੇਰਕ
ਗੂਹਲਾ ਚੀਕਾ, 17 ਸਤੰਬਰ
ਇੱਥੇ ਅੱਜ ਸਾਬਕਾ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਬਲਬੇਹੜਾ ਵਾਸੀਆਂ ਅਤੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਇਸ ਕਾਰਨ ਉਹ ਮੀਟਿੰਗ ਵਿੱਚ ਸ਼ਾਮਲ ਨਾ ਹੋ ਸਕੇ। ਚੌਟਾਲਾ ਜਜਪਾ ਉਮੀਦਵਾਰ ਕ੍ਰਿਸ਼ਨ ਬਾਜ਼ੀਗਰ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਨ ਲਈ ਅੱਜ ਹਲਕਾ ਗੂਹਲਾ ਵਿੱਚ ਪੁੱਜੇ ਸਨ। ਪਿੰਡ ਭਾਗਲ ਅਤੇ ਹਰੀਗੜ੍ਹ ਕਿੰਗਨ ਵਿੱਚ ਮੀਟਿੰਗਾਂ ਕਰਨ ਮਗਰੋਂ ਉਨ੍ਹਾਂ ਦਾ ਪਿੰਡ ਬਲਬੇਹੜਾ ਵਿੱਚ ਪ੍ਰੋਗਰਾਮ ਸੀ।
ਪਿੰਡ ਵਾਸੀਆਂ ਨੂੰ ਜਿਵੇਂ ਹੀ ਉਨ੍ਹਾਂ ਦੇ ਆਉਣ ਦੀ ਭਿਣਕ ਮਿਲੀ ਤਾਂ ਉਹ ਹੱਥਾਂ ਵਿੱਚ ਕਾਲੇ ਝੰਡੇ ਅਤੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਗਰੁੱਪ ਦੇ ਝੰਡੇ ਲੈ ਕੇ ਵਿਰੋਧ ਵਿੱਚ ਉੱਤਰ ਆਏ ਅਤੇ ਵਾਪਸ ਜਾਣ ਦੇ ਨਾਅਰੇ ਲਾਉਣ ਲੱਗੇ। ਪਿੰਡ ਵਾਸੀਆਂ ਦੇ ਵਿਰੋਧ ਨੂੰ ਵੇਖਦੇ ਹੋਏ ਪ੍ਰਬੰਧਕਾਂ ਨੇ ਮੀਟਿੰਗ ਦੀ ਥਾਂ ਮੰਦਰ ਤੋਂ ਬਦਲ ਕੇ ਸਮਰਥਕ ਦੇ ਘਰ ਰੱਖ ਦਿੱਤੀ ਪਰ ਨੌਜਵਾਨਾਂ ਦਾ ਵਿਰੋਧ ਨਾ ਘਟਿਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਦੁਸ਼ਯੰਤ ਚੌਟਾਲਾ ਪੰਜ ਸਾਲ ਤੱਕ ਭਾਜਪਾ ਦੇ ਨਾਲ ਸਰਕਾਰ ਵਿੱਚ ਰਹੇ। ਇਸ ਦੌਰਾਨ ਉਨ੍ਹਾਂ ਨੇ ਕਿਸਾਨਾਂ ਦੀ ਪੂਰੀ ਤਰ੍ਹਾਂ ਅਣਦੇਖੀ ਕੀਤੀ। ਸਰਕਾਰ ਵਿੱਚ ਰਹਿੰਦਿਆਂ ਉਨ੍ਹਾਂ ਪਿੰਡ ਬਲਬੇਹੜਾ ਵਾਸੀਆਂ ਦੀ ਸਾਰ ਨਹੀਂ ਲਈ, ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਹ ਨਾ ਤਾਂ ਦੁਸ਼ਯੰਤ ਚੌਟਾਲਾ ਅਤੇ ਨਾ ਹੀ ਉਨ੍ਹਾਂ ਦੀ ਪਾਰਟੀ ਦੇ ਉਮੀਦਵਾਰ ਨੂੰ ਪਿੰਡ ਵਿੱਚ ਆਉਣ ਦੇਣਗੇ। ਪਿੰਡ ਵਾਸੀਆਂ ਦੇ ਵਿਰੋਧ ਦੀ ਸੂਚਨਾ ਮਿਲਦੇ ਹੀ ਦੁਸ਼ਯੰਤ ਚੌਟਾਲਾ ਨੇ ਪਿੰਡ ਬਲਬੇਹੜਾ ਦੀ ਮੀਟਿੰਗ ਰੱਦ ਕਰ ਦਿੱਤੀ ਅਤੇ ਉਨ੍ਹਾਂ ਨੂੰ ਅਗਲੇ ਪਿੰਡ ਰਿਵਾਡ ਜਾਂਗੀਰ ਵਿੱਚ ਮੀਟਿੰਗ ਨੂੰ ਸੰਬੋਧਨ ਕਰਨ ਲਈ ਵਾਇਆ ਚੀਕਾ, ਪੀਡਲ ਤੋਂ ਹੁੰਦੇ ਹੋਏ ਰਿਵਾਡ ਜਾਗੀਰ ਤੱਕ ਪੁੱਜਣਾ ਪਿਆ।