ਮਨਮੋਹਨ ਸਿੰਘ ਢਿੱਲੋਂ
ਅੰਮ੍ਰਿਤਸਰ, 17 ਸਤੰਬਰ
ਥਾਈਲੈਂਡ ਦੀ ਥਾਈ ਏਅਰਲਾਈਨ ਵੱਲੋਂ ਬੈਂਕਾਕ-ਅੰਮ੍ਰਿਤਸਰ ਵਿਚਾਲੇ 28 ਅਕਤੂਬਰ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਇਹ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਗਲੋਬਲ ਕਨਵੀਨਰ, ਸਮੀਪ ਸਿੰਘ ਗੁਮਟਾਲਾ ਅਤੇ ਭਾਰਤ ’ਚ ਕਨਵੀਨਰ ਯੋਗੇਸ਼ ਕਾਮਰਾ ਨੇ ਨਵੀਆਂ ਉਡਾਣਾਂ ਦੇ ਐਲਾਨ ’ਤੇ ਖੁਸ਼ੀ ਪ੍ਰਗਟ ਕਰਦਿਆਂ ਦੱਸਿਆ ਕਿ ਇਸ ਉਡਾਣ ਦਾ ਸੰਚਾਲਨ ਹਫ਼ਤੇ ’ਚ ਚਾਰ ਦਿਨ ਹੋਵੇਗਾ। ਏਅਰਲਾਈਨ ਦੀ ਵੈਬਸਾਈਟ ਅਨੁਸਾਰ ਇਹ ਉਡਾਣ ਬੈਂਕਾਕ ਦੇ ਡੌਨ ਮੁਏਂਗ ਕੌਮਾਂਤਰੀ ਹਵਾਈ ਅੱਡੇ (ਡੀਐੱਮਕੇ) ਤੋਂ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਰਾਤ ਨੂੰ 8:10 ’ਤੇ ਰਵਾਨਾ ਹੋਇਆ ਕਰੇਗੀ ਅਤੇ ਸਿਰਫ 4 ਘੰਟੇ 45 ਮਿੰਟ ਬਾਅਦ ਸਥਾਨਕ ਸਮੇਂ ਅਨੁਸਾਰ ਰਾਤ 11: 25 ’ਤੇ ਅੰਮ੍ਰਿਤਸਰ ਪਹੁੰਚੇਗੀ। ਅੰਮ੍ਰਿਤਸਰ ਤੋਂ ਵਾਪਸੀ ਦੀ ਉਡਾਣ ਮੰਗਲਵਾਰ, ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ ਅੱਧੀ ਰਾਤ ਤੋਂ ਬਾਅਦ 00: 25 ’ਤੇ ਰਵਾਨਾ ਹੋ ਕੇ 4 ਘੰਟੇ 20 ’ਚ ਸਵੇਰੇ 6:15 ’ਤੇ ਬੈਂਕਾਕ ’ਚ ਪਹੁੰਚੇਗੀ। ਸ੍ਰੀ ਗਮਟਾਲਾ ਨੇ ਕਿਹਾ ਕਿ ਬੈਂਕਾਕ ਅਤੇ ਅੰਮ੍ਰਿਤਸਰ ਵਿਚਕਾਰ ਉਡਾਣਾਂ ਦੀ ਸ਼ੁਰੂਆਤ ਇਸ ਖੇਤਰ ਲਈ ਅੰਤਰਰਾਸ਼ਟਰੀ ਹਵਾਈ ਸੰਪਰਕ ਨੂੰ ਵਧਾਉਣ ਲਈ ਚੱਲ ਰਹੇ ਯਤਨਾਂ ਵਿੱਚ ਇੱਕ ਹੋਰ ਵੱਡਾ ਮੀਲ ਪੱਥਰ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਉਡਾਣਾਂ ਦੇ ਸ਼ੁਰੂ ਹੋਣ ਨਾਲ ਪੰਜਾਬ ਅਤੇ ਉੱਤਰੀ ਭਾਰਤ ਦੇ ਸੈਰ-ਸਪਾਟਾ ਅਤੇ ਵਪਾਰ ਨੂੰ ਹੋਰ ਹੁਲਾਰਾ ਮਿਲੇਗਾ। ਥਾਈਲੈਂਡ ’ਚ ਵੱਸਦਾ ਸਿੱਖ ਅਤੇ ਪੰਜਾਬੀ ਭਾਈਚਾਰਾ ਹੀ ਨਹੀਂ, ਸਗੋਂ ਹੋਰਨਾਂ ਕਈ ਧਰਮਾਂ ਦੇ ਲੋਕ ਹਰਮੰਦਿਰ ਸਾਹਿਬ ਅਤੇ ਹੋਰ ਇਤਿਹਾਸਕ ਸਥਾਨਾਂ ਦਾ ਦੌਰਾ ਕਰਨ ਲਈ ਸਿੱਧਾ ਪੰਜਾਬ ਆ ਜਾ ਸਕਣਗੇ।