ਪੱਤਰ ਪ੍ਰੇਰਕ
ਪਟਿਆਲਾ, 17 ਸਤੰਬਰ
ਵਧੀਕ ਡਿਪਟੀ ਕਮਿਸ਼ਨਰ (ਜ) ਕੰਚਨ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਜ਼ਿਲ੍ਹਾ ਵਾਤਾਵਰਣ ਕਮੇਟੀ ਦੀ 24ਵੀਂ ਮੀਟਿੰਗ ’ਚ ਕੌਮੀ ਗਰੀਨ ਟ੍ਰਿਬਿਊਨਲ ਦੇ ਹੁਕਮਾਂ ਤਹਿਤ ਤਿਆਰ ਕਾਰਜ ਯੋਜਨਾ ਨੂੰ ਜ਼ਿਲ੍ਹੇ ’ਚ ਲਾਗੂ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ। ਏਡੀਸੀ ਕੰਚਨ ਨੇ ਜ਼ਿਲ੍ਹੇ ਅੰਦਰ ਸ਼ਹਿਰੀ ਤੇ ਪੇਂਡੂ ਖੇਤਰਾਂ ’ਚ ਗੰਦਗੀ ਵਾਲੇ ਸਥਾਨਾਂ ਦੀ ਸਫ਼ਾਈ, ਗਿੱਲੇ ਅਤੇ ਸੁੱਕੇ ਕੂੜੇ ਤੇ ਪਲਾਸਟਿਕ ਦਾ ਪ੍ਰਬੰਧਨ, ਗੰਦੇ ਪਾਣੀ ਨੂੰ ਸੋਧਣ, ਬੂਟੇ ਲਾਉਣ, ਪਿੰਡਾਂ ਦੇ ਟੋਭੇ, ਸੀਵਰੇਜ ਦਾ ਗੰਦਾ ਪਾਣੀ ਸੋਧਣ ਲਈ ਸੀਵਰੇਜ ਟ੍ਰੀਟਮੈਂਟ ਪਲਾਂਟਾਂ ਦੀ ਕਾਰਗੁਜ਼ਾਰੀ, ਲੋਕਾਂ ਨੂੰ ਕੂੜਾ ਪ੍ਰਬੰਧਨ ਅਤੇ ਵਾਤਾਵਰਣ ਦੀ ਸੰਭਾਲ ਲਈ ਜਾਗਰੂਕ ਕਰਨ, ਛੱਪੜਾਂ ਦੀ ਸਾਫ਼-ਸਫ਼ਾਈ ਅਤੇ ਸੀਵਰੇਜ ਜਾਂ ਫੈਕਟਰੀਆਂ ਦੇ ਪਾਣੀ ਨੂੰ ਬਗੈਰ ਸੋਧੇ ਨਾ ਪੈਣ ਦੇਣ ਆਦਿ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮੀਟਿੰਗ ਦੌਰਾਨ ਏਡੀਸੀ ਨਵਰੀਤ ਕੌਰ ਸੇਖੋਂ ਨੇ ਜ਼ਿਲ੍ਹੇ ਅੰਦਰ ਲੱਗੇ ਸੀਵਰੇਜ ਟਰੀਟਮੈਂਟ ਪਲਾਂਟਾਂ ਦੀ ਸਮੀਖਿਆ ਕੀਤੀ। ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਦੇ ਵਾਤਾਵਰਣ ਇੰਜਨੀਅਰ ਗੁਰਕਰਨ ਸਿੰਘ ਨੇ ਮੀਟਿੰਗ ਦੀ ਕਾਰਵਾਈ ਚਲਾਉਂਦਿਆਂ ਦੱਸਿਆ ਕਿ ਕੌਮੀ ਗਰੀਨ ਟ੍ਰਿਬਿਊਨਲ ਦੀਆਂ ਹਦਾਇਤਾਂ ਮੁਤਾਬਕ ਜਾਰੀ ਐਕਸ਼ਨ ਪਲਾਨ ਅਨੁਸਾਰ ਧਰਤੀ ਹੇਠਲੇ ਪਾਣੀ, ਹਵਾ ਤੇ ਵਾਤਾਵਰਣ ਨੂੰ ਪਲੀਤ ਹੋਣ ਤੋਂ ਰੋਕਣ ਲਈ ਸਮੁੱਚੀ ਪ੍ਰਕਿਰਿਆ ਨੂੰ ਮਿਥੇ ਸਮੇਂ ਦੇ ਅੰਦਰ ਨੇਪਰੇ ਚੜ੍ਹਾਇਆ ਜਾਵੇਗਾ।